ਨਵੀਂ ਦਿੱਲੀ :-ਬੀਤੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ-ਕਲੇਸ਼ ਵਿਚਕਾਰ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸੂਬੇ ਦੇ 6 ਮੰਤਰੀਆਂ, ਇਕ ਸੰਸਦ ਮੈਂਬਰ ਤੇ ਪੰਜ ਵਿਧਾਇਕਾਂ ਨੇ ਰਾਹੁਲ ਗਾਂਧੀ ਨਾਲ ਇਕ-ਇਕ ਕਰ ਕੇ ਮੁਲਾਕਾਤ ਕੀਤੀ ਸੀ। ਰਾਹੁਲ ਨੂੰ ਮਿਲਣ ਤੋਂ ਬਾਅਦ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਸਥਿਤੀ ਜਲਦ ਹੀ ਸੁਲਝ ਜਾਵੇਗੀ। ਕਾਂਗਰਸ ਦੇ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦੇਣ ਦੇ ਫ਼ੈਸਲੇ ‘ਤੇ ਕੁਝ ਗਲਤ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇ ਰਹੇ ਹਨ। ਉਨ੍ਹਾਂ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਖਿੱਚੋਂਤਾਨ ‘ਤੇ ਕਿਹਾ ਕਿ ਇਹ ਹੁਣ ਮਸ਼ਵਰਾ ਦਾ ਹਿੱਸਾ ਹੈ।
ਉਥੇ ਹੀ ਕਿਹਾ ਜਾ ਰਿਹਾ ਹੇੈ ਕਿ ਕਾਂਗਰਸੀ ਆਗੂਆਂ ਨੇ ਰਾਹੁਲ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਨਹੀਂ ਬਣੇਗੀ। ਨਾਲ ਹੀ ਉਨ੍ਹਾਂ ਨੇ ਪਾਰਟੀ ਦੀ ਬਾਗਡੋਰ ਸਿੱਧੂ ਨੂੰ ਨਾ ਸੌਂਪਣ ਦਾ ਸੁਝਾਅ ਵੀ ਦਿੱਤਾ। ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਨੇ ਆਗੂਆਂ ਤੋਂ ਪੁੱਛਿਆ ਕਿ ਜੇ ਕੈਪਟਨ ਨੂੰ ਅਗਲੀਆਂ ਚੋਣਾਂ ‘ਚ ਪਾਰਟੀ ਆਪਣਾ ਚਿਹਰਾ ਨਾ ਬਣਾਵੇ ਤਾਂ ਕਿੰਨੇ ਵਿਧਾਇਕ ਬਗਾਵਤ ਕਰ ਸਕਦੇ ਹਨ।