ਲੰਡਨ: ਜੰਕ ਫੂਡ ਕਿਤੇ ਨਾ ਕਿਤੇ ਬੱਚਿਆਂ ਦੀ ਸਿਹਤ ‘ਤੇ ਅਸਰ ਪਾ ਰਿਹਾ ਹੈ ਜਿਸ ਕਰਕੇ ਸਰਕਾਰਾਂ ਇਸਨੂੰ ਲੈ ਕੇ ਚਿੰਤਤ ਦੇਖਾਈ ਦੇਣ ਲੱਗੀਆਂ ਹਨ। ਇਸਦੇ ਚਲਦਿਆਂ ਹੀ ਬ੍ਰਿਟੇਨ ਦੀ ਬੋਰਿਸ ਜੌਨਸਨ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਅਨੁਸਾਰ ਸਵੇਰੇ 5.30 ਵਜੇ ਤੋਂ ਰਾਤ 9.00 ਵਜੇ ਤੱਕ ਟੀਵੀ ਉੱਤੇ ਜੰਕ ਫੂਡ ਦੇ ਇਸ਼ਤਿਹਾਰਾਂ (Advertisements) ਦੇ ਪ੍ਰਸਾਰਣ ‘ਤੇ ਪਾਬੰਦੀ ਹੋਵੇਗੀ। ਜੰਕ ਫੂਡ ਦੇ ਇਸ਼ਤਿਹਾਰਾਂ ਨਾਲ ਸਬੰਧਤ ਇਹ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ। ਇਸ ਨਿਯਮ ਦਾ ਉਦੇਸ਼ ਬੱਚਿਆਂ ਦੇ ਨੁਕਸਾਨਦੇਹ ਭੋਜਨ ਦੇ ਸੰਪਰਕ ਨੂੰ ਘੱਟ ਕਰਨਾ ਹੈ।
ਇਹ ਫ਼ੈਸਲਾ ਬੱਚਿਆਂ ਵਿੱਚ ਮੋਟਾਪੇ ਦਾ ਮੁਕਾਬਲਾ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਦਾ ਹਿੱਸਾ ਹੈ। ਯੂਕੇ ਸਿਹਤ ਵਿਭਾਗ ਦੇ ਜੋਅ ਚਰਚਿਲ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਤੇ ਮੋਟਾਪੇ ਨਾਲ ਨਜਿੱਠਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਜੋ ਸਮੱਗਰੀ ਨੌਜਵਾਨ ਦੇਖਦੇ ਹਨ, ਉਹ ਉਨ੍ਹਾਂ ਦੀਆਂ ਪਸੰਦਾਂ ਤੇ ਆਦਤਾਂ ਨੂੰ ਪ੍ਰਭਾਵਤ ਕਰਦੇ ਹਨ। ਬੱਚੇ ਔਨਲਾਈਨ ਵਧੇਰੇ ਸਮਾਂ ਬਿਤਾ ਰਹੇ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਨੁਕਸਾਨਦੇਹ ਇਸ਼ਤਿਹਾਰਾਂ ਤੋਂ ਬਚਾਉਣ ਲਈ ਕਦਮ ਚੁੱਕੇ ਹਨ।
ਇਸ ਮੁੱਦੇ ‘ਤੇ ਜਨਤਕ ਸਲਾਹ-ਮਸ਼ਵਰੇ ਕੀਤੇ ਗਏ ਹਨ। ਇਹ ਨਿਯਮ 2022 ਦੇ ਅੰਤ ਤੋਂ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਤਹਿਤ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਇਸ਼ਤਿਹਾਰਾਂ ਦਾ ਪ੍ਰਸਾਰਣ ਸਵੇਰੇ 5.30 ਵਜੇ ਤੋਂ ਰਾਤ 9.00 ਵਜੇ ਤੱਕ ਵਰਜਿਆ ਜਾਏਗਾ, ਜਿਸ ਵਿੱਚ ਚਰਬੀ, ਨਮਕ ਤੇ ਚੀਨੀ (ਐਚਐਫਐਸ) ਦੀ ਮਾਤਰਾ ਵਧੇਰੇ ਹੁੰਦੀ ਹੈ। ਨਵੇਂ ਨਿਯਮ ਟੀਵੀ, ਯੂਕੇ ਵਿੱਚ ਮੰਗ ਅਧਾਰਤ (ਔਨ ਡਿਮਾਂਡ) ਪ੍ਰੋਗਰਾਮਾਂ ‘ਤੇ ਲਾਗੂ ਹੁੰਦੇ ਰਹਿਣਗੇ। ਇਸ ਦੇ ਨਾਲ ਹੀ ਇਹ ਪਾਬੰਦੀ ਔਨਲਾਈਨ ਮਾਧਿਅਮ ‘ਤੇ ਵੀ ਲਾਗੂ ਹੋਵੇਗੀ।
ਇਹ ਪਾਬੰਦੀ ਐਚਐਫਐਸਐਸ ਦੇ ਨਿਰਮਾਣ ਜਾਂ ਵੇਚਣ ਵਾਲੇ ਸਾਰੇ ਕਾਰੋਬਾਰਾਂ ਤੇ ਲਾਗੂ ਹੋਵੇਗੀ, ਜਿਨ੍ਹਾਂ ਵਿੱਚ 250 ਜਾਂ ਵਧੇਰੇ ਕਰਮਚਾਰੀ ਹਨ। ਇਸ ਦਾ ਅਰਥ ਇਹ ਹੈ ਕਿ ਛੋਟੇ ਤੇ ਦਰਮਿਆਨੇ ਕਾਰੋਬਾਰ ਇਸ਼ਤਿਹਾਰ ਦੇਣ ਦੇ ਯੋਗ ਹੋਣਗੇ।