ਇਸਲਾਮਾਬਾਦ: ਕਸ਼ਮੀਰ ਵਿਸ਼ਾ ਵੱਡੇ ਪੱਧਰ ‘ਤੇ ਦੇਸਾਂ ਦੀਆਂ ਮੀਟਿੰਗਾਂ ‘ਚ ਆਮ ਗੂੰਜ ਦਾ ਹੈ। ਓਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇੱਕ ਵਾਰ ਜਦੋਂ ਕਸਮੀਰ ਮਸਲਾ ਹੱਲ ਹੋ ਗਿਆ, ਤਾਂ ਉਨ੍ਹਾਂ ਦੇ ਦੇਸ਼ ਨੂੰ ਪ੍ਰਮਾਣੂ ਹਥਿਆਰਾਂ ਦੀ ਕੋਈ ਜ਼ਰੂਰਤ ਨਹੀਂ ਰਹੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇ ਅਮਰੀਕਨ ਦ੍ਰਿੜ੍ਹ ਇਰਾਦਾ ਕਰ ਲੈਣ ਤੇ ਜੇ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਹੋਵੇ, ਤਾਂ ਕਸ਼ਮੀਰ ਮਸਲਾ ਹੱਲ ਹੋ ਸਕਦਾ ਹੈ।
ਇਮਰਾਨ ਖ਼ਾਨ ਨੇ ਆਪਣੇ ਇੰਟਰਵਿਊ ’ਚ ਇਹ ਵੀ ਕਿਹਾ ਹੈ ਕਿ ਉਹ ਪੱਕੇ ਤੌਰ ਉੱਤੇ ਅਜਿਹਾ ਕੁਝ ਨਹੀਂ ਆਖ ਸਕਦੇ ਕਿ ਪਾਕਿਸਤਾਨ ਹੁਣ ਪ੍ਰਮਾਣੂ ਹਥਿਆਰਾਂ ਵਿੱਚ ਹੋਰ ਵਾਧਾ ਕਰ ਰਿਹਾ ਹੈ। ਉਨ੍ਹਾਂ ਕਿਹਾ,‘ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਕਿਸੇ ਉੱਤੇ ਹਮਲਾ ਕਰਨ ਲਈ ਕੁਝ ਨਹੀਂ ਕੀਤਾ ਗਿਆ। ਪਰ ਜਿਹੜੇ ਦੇਸ਼ ਦਾ ਕੋਈ ਗੁਆਂਢੀ ਉਸ ਤੋਂ ਸੱਤ ਗੁਣਾ ਵੱਡਾ ਹੋਵੇ, ਤਾਂ ਸੁਰੱਖਿਆ ਦੀ ਚਿੰਤਾ ਤਾਂ ਹੋ ਹੀ ਜਾਂਦੀ ਹੈ।’
ਇੱਕ ਪ੍ਰੋਗਰਾਮ ਵਿੱਚ ਇੰਟਰਊ ਦੌਰਾਨ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਸਿਰਫ਼ ਦੇਸ਼ ਦੀ ਰਾਖੀ ਲਈ ਇੱਕ ‘ਵਰਜਕ’ ਵਜੋਂ ਹਨ। ਦੱਸ ਦੇਈ ਹੈ ਕਿ ਇਸੇ ਵਰ੍ਹੇ ਜਨਵਰੀ ’ਚ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਸ ਕੋਲ 165 ਪ੍ਰਮਾਣੂ ਜੰਗੀ ਹਥਿਆਰ ਮੌਜੂਦ ਹਨ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦੇਸ਼ ਅਜਿਹੇ ਹਥਿਆਰਾਂ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਅਜਿਹਾ ਸਟੌਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੇ ਇੱਕ ਅਧਿਐਨ ਵਿੱਚ ਦੱਸਿਆ ਗਿਆ ਹੈ।
ਇਮਰਾਨ ਖ਼ਾਨ ਨੇ ਕਸ਼ਮੀਰ ਮਸਲੇ ਨੂੰ ਛੋਹੰਦਿਆਂ ਕਿਹਾ,‘ਜਿਸ ਛਿਣ ਵੀ ਕਸ਼ਮੀਰ ਮਸਲਾ ਹੱਲਹੋ ਗਿਆ, ਦੋਵੇਂ ਦੇਸ਼ ਸਭਿਅਕ ਲੋਕਾਂ ਵਾਂਗ ਜਿਊਣਾ ਸ਼ੁਰੂ ਕਰ ਦੇਣਗੇ। ਸਾਨੂੰ ਪ੍ਰਮਾਣੂ ਹਥਿਆਰਾਂ ਦੀ ਕੋਈ ਲੋੜ ਨਹੀਂ ਰਹੇਗੀ। ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕਾ ਵੱਡੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਜੇ ਅਮਰੀਕਨ ਦ੍ਰਿੜ੍ਹ ਇਰਾਦਾ ਤੇ ਅਜਿਹੀ ਇੱਛਾ-ਸ਼ਕਤੀ ਰੱਖਣ, ਤਾਂ ਕਸ਼ਮੀਰ ਮਸਲਾ ਹੱਲ ਹੋ ਸਕਦਾ ਹੈ।’
ਉਂਝ ਇਮਰਾਨ ਖ਼ਾਨ ਨਾਲ ਹੀ ਇਹ ਵੀ ਕਿਹਾ ਕਿ ਉਹ ਪ੍ਰਮਾਣੂ ਹਥਿਆਰਾਂ ਦੇ ਪੂਰੀ ਤਰ੍ਹਾਂ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੀਆਂ ਤਿੰਨ ਜੰਗਾਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਤੋਂ ਬਾਅਦ ਹੀ ਪਾਕਿਸਤਾਨ ਨੇ ਪ੍ਰਮਾਣੂ ਹਥਿਆਰ ਬਣਾਉਣੇ ਸ਼ੁਰੂ ਕੀਤੇ ਸਨ।
ਇਮਰਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਉਹ ਪੱਛਮੀ ਦੇਸ਼ਾਂ ਵਿੱਚ ਪਾਏ ਜਾਣ ਵਾਲੇ ‘ਇਸਲਾਮੋਫ਼ੋਬੀਆ’ (ਇਸਲਾਮ ਤੇ ਮੁਸਲਮਾਨਾਂ ਤੋਂ ਡਰਨਾ) ਬਾਰੇ ਤਾਂ ਕਾਫ਼ੀ ਹੰਗਾਮਾ ਕਰਦੇ ਹਨ ਪਰ ਚੀਨ ਦੇ ਜ਼ਿਆਨਜਿਆਂਗ ’ਚ ਊਈਗਰ ਮੁਸਲਮਾਨਾਂ ਦੀ ਕਥਿਤ ਨਸਲਕੁਸ਼ੀ ਬਾਰੇ ਉਹ ਚੁੱਪ ਹਨ, ਅਜਿਹਾ ਕਿਉਂ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ‘ਚੀਨ ਸਾਡਾ ਬਹੁਤ ਕਰੀਬੀ ਦੋਸਤ ਰਿਹਾ ਹੈ, ਕੁਝ ਔਖੇ ਸਮਿਆਂ ਵਿੱਚ ਵੀ, ਜਦੋਂ ਅਸੀਂ ਸੰਘਰਸ਼ ਕਰ ਰਹੇ ਸਾਂ। ਉਦੋਂ ਚੀਨ ਸਾਡੇ ਬਚਾਅ ਲਈ ਆਇਆ ਸੀ। ਉਹ ਜਿਹੋ ਜਿਹਾ ਵੀ ਹੈ, ਅਸੀਂ ਉਸ ਦਾ ਸਤਿਕਾਰ ਕਰਦੇ ਹਾਂ। ਅਜਿਹੇ ਮੁੱਦਿਆਂ ਬਾਰੇ ਅਸੀਂ ਖੁੱਲ੍ਹ ਕੇ ਨਹੀਂ, ਸਗੋਂ ਅੰਦਰਖਾਤੇ ਗੱਲਬਾਤ ਜ਼ਰੂਰ ਕਰਦੇ ਹਾਂ। ਫ਼ਲਸਤੀਨ, ਲਿਬੀਆ, ਸੋਮਾਲੀਆ, ਸੀਰੀਆ, ਅਫ਼ਗ਼ਾਨਿਸਤਾਨ ਵਿੱਚ ਬਹੁਤ ਕੁਝ ਵਾਪਰ ਰਿਹਾ ਹੈ। ਮੈਂ ਆਪਣੇ ਦੇਸ਼ ਦੀ ਸਰਹੱਦ ਅੰਦਰ ਵਾਪਰ ਰਹੀਆਂ ਘਟਨਾਵਾਂ ਉੱਤੇ ਆਪਣਾ ਧਿਆਨ ਲਾਉਂਦਾ ਹਾਂ।’ ਉਨ੍ਹਾਂ ਕਿਹਾ ਕਿ ਇਸਲਾਮਿਕ ਦੇਸ਼ਾਂ ਤੇ ਪੱਛਮੀ ਮੁਲਕਾਂ ਵਿਚਾਲੇ ਕਾਫ਼ੀ ਜ਼ਿਆਦਾ ਵਕਫ਼ਾ ਹੈ, ਉਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ।
ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤ ਨੇ ਕਸ਼ਮੀਰ ਮਾਮਲੇ ਨੂੰ ਲੈ ਕੇ ਕਿਸੇ ਤੀਜੀ ਧਿਰ ਦੇ ਦਖ਼ਲ ਦੀ ਸੰਭਾਵਨਾ ਤੋਂ ਸਦਾ ਹੀ ਇਨਕਾਰ ਕੀਤਾ ਹੈ। ਭਾਰਤ ਸਰਕਾਰ ਨੇ ਹਮੇਸ਼ਾ ਆਪਣਾ ਇਹੋ ਸਟੈਂਡ ਰੱਖਿਆ ਹੈ ਕਿ ਜੇ ਕੋਈ ਵੀ ਮਸਲਾ ਹੋਵੇਗਾ, ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਗੱਲਬਾਤ ਰਾਹੀਂ ਹੀ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਦੀਆਂ ਵਿਵਸਥਾਵਾਂ ਅਨੁਸਾਰ ਹੱਲ ਹੋਵੇਗਾ।