ਸਿਡਨੀ : ਕੋਰੋਨਾ ਦੇ ਵੱਧਦੇ ਫੈਲਾਅ ਕਰਕੇ ਸਰਕਾਰ ਵੱਲੋਂ ਸਿਡਨੀ ਵਾਸੀਆਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜ਼ਿਆਦਾ ਜ਼ਰੂਰੀ ਹੋਣ ’ਤੇ ਘਰੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਦਫ਼ਤਰ, ਰੇਲ, ਬੱਸ, ਜਨਤਕ ਥਾਂਵਾਂ ਅਤੇ ਬਾਕੀ ਥਾਂਵਾਂ ’ਤੇ ਵੀ ਪਾਸਕ ਪਹਿਨਣਾ ਲਾਜ਼ਮੀ ਹੈ।
ਨਿਊ ਸਾਊਥ ਵੇਲਜ਼ ਦੇ ਸੂਬਾ ਪ੍ਰੀਮੀਅਰ ਗਲੇਡੀਅਸ ਬੇਰੇਜਿਕੇਲੀਅਨ ਨੇ ਸਿਡਨੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸਿਡਨੀ ਵਿਚ ਚਾਰ ਸਥਾਨਕ ਸਰਕਾਰੀ ਪਰਿਸ਼ਦ ਖੇਤਰਾਂ ਵਿਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਰੂਰੀ ਕਾਰਨਾਂ ਨੂੰ ਛੱਡ ਕੇ ਘਰ ਵਿਚ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮ ਜਾਂ ਸਿੱਖਿਆ, ਮੈਡੀਕਲ ਕਾਰਨਾਂ, ਕਰਿਆਨੇ ਦੀ ਖ਼ਰੀਦਦਾਰੀ ਲਈ ਬਾਹਰ ਨਿਕਲਣ ਦੀ ਇਜਾਜ਼ਤ ਹੈ।
ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਐਂਟਰੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹੋ ਚੁੱਕੀ ਹੈ, ਜਿਸ ਦੇ ਚੱਲਦੇ ਉਥੇ ਕੋਰੋਨਾ ਤੋਂ ਬਚਾਅ ਲਈ ਹੋਰ 2 ਹਫ਼ਤਿਆਂ ਲਈ ਤਾਲਾਬੰਦੀ ਵਧਾ ਦਿੱਤੀ ਗਈ ਹੈ। ਇਹ ਸਥਾਨਕ ਲੋਕਾਂ ਲਈ ਵੱਡਾ ਝੱਟਕਾ ਹੈ, ਕਿਉਂਕਿ ਟੀਕਾਕਰਨ ਦੀ ਸਫ਼ਲਤਾ ਦੇ ਬਾਅਦ ਜੀਵਨ ਪਟੜੀ ’ਤੇ ਆਉਣ ਲੱਗਾ ਸੀ। ਸ਼ੁੱਕਰਵਾਰ ਨੂੰ 22 ਹੋਰ ਨਵੇਂ ਮਾਮਲੇ ਦਰਜ ਕੀਤੇ ਗਏ।