ਚੰਗੀਗੜ੍ਹ: ਕਰੀਬ 8 ਮਹੀਨੇ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਕਿਸਾਨ ਦੂਜੇ ਵਰਗਾਂ ਦੇ ਲੋਕਾਂ ਨੂੰ ਵੀ ਨਾਲ ਜੋੜਨ ਲੱਗੇ ਹਨ ਜਿਸ ਨਾਲ ਸਰਕਾਰਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸ ਵੇਲੇ ਪੈਟਰੋਲ-ਡੀਜ਼ਲ ਦੇ ਵਧਦੇ ਭਾਅ ਸਭ ਲਈ ਸਿਰਦਰਦੀ ਬਣੇ ਹੋਏ ਹਨ। ਲੋਕਾਂ ਦੇ ਗੁੱਸੇ ਨੂੰ ਭਾਂਪਦਿਆਂ ਕਿਸਾਨ ਯੂਨੀਅਨਾਂ 8 ਜੁਲਾਈ ਨੂੰ ਦੇਸ਼ ਭਰ ਵਿੱਚ ਵੱਡਾ ਐਕਸ਼ਨ ਕਰਨ ਜਾ ਰਹੀਆਂ ਹਨ।
ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਤੁਹਾਡੇ ਕੋਲ ਟਰੈਕਟਰ, ਟਰਾਲੀ, ਕਾਰ, ਸਕੂਟਰ ਜਾਂ ਫਿਰ ਕੋਈ ਵਾਹਨ ਹੋਵੇ, ਉਸ ਨੂੰ ਨੇੜਲੇ ਸੂਬਾਈ ਜਾਂ ਕੌਮੀ ਸ਼ਾਹਰਾਹ ’ਤੇ ਲਿਆ ਕੇ ਖੜ੍ਹਾਇਆ ਜਾਵੇ ਪਰ ਖਿਆਲ ਰੱਖਣਾ ਕਿ ਇਸ ਨਾਲ ਆਵਾਜਾਈ ’ਚ ਵਿਘਨ ਨਾ ਪਏ। ਉਨ੍ਹਾਂ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਸੋਈ ਗੈਸ ਸਿਲੰਡਰ ਲਿਆਉਣ ਲਈ ਵੀ ਕਿਹਾ ਹੈ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ 19 ਜੁਲਾਈ ਤੋਂ ਸ਼ੁਰੂ ਹੋ ਮੌਨਸੂਨ ਇਜਲਾਸ ਦੌਰਾਨ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਉਲੀਕਦਿਆਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ 22 ਜੁਲਾਈ ਤੋਂ ਸੰਸਦ ਵੱਲ ਮਾਰਚ ਕੱਢਿਆ ਜਾਵੇਗਾ, ਜੋ ਮੌਨਸੂਨ ਇਜਲਾਸ ਜਾਰੀ ਰਹਿਣ ਤੱਕ ਜਾਰੀ ਰਹੇਗਾ। ਮੋਰਚੇ ਨੇ ਕਿਹਾ ਕਿ ਸੰਸਦ ਦੇ ਬਾਹਰ ਰੋਜ਼ਾਨਾ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਦੋ ਸੌ ਦੇ ਕਰੀਬ ਕਿਸਾਨ ਸ਼ਾਮਲ ਹੋਣਗੇ।
ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਅਸੀਂ ਵਿਰੋਧੀ ਧਿਰ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਕਹਾਂਗੇ ਕਿ ਉਹ ਮੌਨਸੂਨ ਇਜਲਾਸ ਦੌਰਾਨ ਰੋਜ਼ਾਨਾ ਸਦਨ ਦੇ ਅੰਦਰ ਖੇਤੀ ਕਾਨੂੰਨਾਂ ਨਾਲ ਸਬੰਧਤ ਮੁੱਦੇ ਨੂੰ ਉਭਾਰਨ ਜਦੋਂਕਿ ਅਸੀਂ ਸੰਸਦ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰਾਂਗੇ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਉਹ ਸਰਕਾਰ ਨੂੰ ਮੌਨਸੂਨ ਇਜਲਾਸ ਅਜਾਈਂ ਜਾਣ ਦੇਣ ਦਾ ਲਾਹਾ ਨਾ ਲੈਣ ਦੇਣ। ਜਦੋਂ ਤੱਕ ਸਰਕਾਰ ਇਸ ਮੁੱਦੇ ਦੇ ਮੁਖਾਤਬ ਨਹੀਂ ਹੁੰਦੀ ਇਜਲਾਸ ਨੂੰ ਨਾ ਚੱਲਣ ਦਿੱਤਾ ਜਾਵੇ।’’ ਮੌਨਸੂਨ ਇਜਲਾਸ 19 ਜੁਲਾਈ ਨੂੰ ਸ਼ੁਰੂ ਹੋ ਕੇ 8 ਅਗਸਤ ਤੱਕ ਚੱਲੇਗਾ।
ਸੰਯੁਕਤ ਕਿਸਾਨ ਮੋਰਚੇ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਦੇਸ਼ਵਿਆਪੀ ਰੋਸ਼ ਮੁਜ਼ਾਹਰੇ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਲੀਡਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਆਪਣੇ ਵਾਹਨਾਂ ਨੂੰ ਸੂਬਾਈ ਤੇ ਕੌਮੀ ਸ਼ਾਹਰਾਹਾਂ ’ਤੇ ਖੜ੍ਹਾ ਕੇ ਆਪਣਾ ਰੋਸ ਦਰਜ ਕਰਵਾਉਣ।