ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਕੀਤੀ ਹੈ। ਇਸ ਦਾ ਨਾਂ ‘ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ ਯੋਜਨਾ’ ਹੈ। ਮੁਹਿੰਮ ਦਾ e-district portal ਲਾਂਚ ਕੀਤਾ ਗਿਆ। ਇਸ ’ਤੇ ਹੀ ਮੁਆਵਜ਼ੇ ਤੇ ਪੈਨਸ਼ਨ ਲਈ ਅਪਲਾਈ ਹੋ ਸਕੇਗਾ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਲੋਕ ਜਾਣਦੇ ਹਾਂ ਕਿ ਕਿਸ ਤਰ੍ਹਾਂ ਨਾਲ ਪਿਛਲੇ ਡੇਢ ਸਾਲ ਤੋਂ ਪੂਰੀ ਮਨੁੱਖੀ ਜਾਤੀ ਕੋਰੋਨਾ ਤੋਂ ਪੀੜਤ ਹੈ।
ਦਿੱਲੀ ਮੁੱਖ ਮੰਤਰੀ ਨੇ ਕਿਹਾ, ‘ਬਹੁਤ ਸਾਰੇ ਅਜਿਹੇ ਮਾਮਲੇ ਵੀ ਦਿਖਾਈ ਦੇ ਰਹੇ ਹਨ, ਜਿਸ ’ਚ ਬੱਚੇ ਅਨਾਥ ਹੋ ਗਏ ਤੇ ਬੱਚਿਆਂ ਨੂੰ ਪਾਲਣ ਵਾਲਾ ਕੋਈ ਨਹੀਂ ਹੈ। ਪਰਿਵਾਰ ਨੂੰ ਪਾਲਣ ਵਾਲੇ ਦੀ ਮੌਤ ਹੋ ਗਈ ਹੈ ਤੇ ਘਰ ਚਲਾਉਣ ਵਾਲਾ ਕੋਈ ਨਹੀਂ ਹੈ। ਅਜਿਹੇ ’ਚ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਸਰਕਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦਾ ਇਸ ਮੁਸ਼ਕਿਲ ਦੇ ਸਮੇਂ ਸਾਥ ਦੇ ਸਕੀਏ।
ਉਨ੍ਹਾਂ ਨੇ ਕਿਹਾ ਕਿ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ’ਤੇ ਇਸ ਦਾ ਪ੍ਰਕੋਪ ਹੈ। ਸਾਡੇ ਦੇਸ਼ ’ਚ ਦੋ ਲਹਿਰਾਂ ਆ ਚੁੱਕੀਆਂ ਹਨ। ਪਹਿਲੀ ਲਹਿਰ ਪਿਛਲੇ ਸਾਲ ਤੇ ਦੂਜੀ ਇਸ ਸਾਲ ਅਪ੍ਰੈਲ ਦੇ ਮਹੀਨੇ ’ਚ ਦੇਸ਼ ਲਈ ਦੂਜੀ ਲਹਿਰ ਆਈ ਪਰ ਦਿੱਲੀ ਦੇ ਲਈ ਇਹ ਚੌਥੀ ਲਹਿਰ ਸੀ। ਦਿੱਲੀ ਦੀ ਚੌਥੀ ਲਹਿਰ ਬਹੁਤ ਜ਼ਿਆਦਾ ਗੰਭੀਰ ਸੀ। ਬਹੁਤ ਜ਼ਿਆਦਾ ਲੋਕ ਇਸ ਤੋਂ ਇਨਫੈਕਟਿਡ ਹੋਏ। ਸ਼ਾਇਦ ਹੀ ਕੋਈ ਪਰਿਵਾਰ ਅਜਿਹਾ ਬਚਿਆ ਹੋਵੇਗਾ ਜੋ ਕੋਰੋਨਾ ਇਨਫੈਕਟਿਡ ਨਾ ਹੋਇਆ ਹੋਵੇ ਤੇ ਦੂਜਾ ਇਸ ’ਚ ਬਹੁਤ ਸਾਰੇ ਲੋਕਾਂ ਦੀ ਜਾਣ ਚੱਲੀ ਗਈ ਸੀ।