ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਵਿਦੇਸ਼ ਜਾਣ ਲਈ ਬਹੁਤ ਮਿਹਨਤ ਕੀਤੀ ਜਾਂਦੀ ਹੈ ਉੱਥੇ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਅੱਜ ਦੇ ਦੌਰ ਵਿਚ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਲਈ ਕੈਨੇਡਾ ਭੇਜ ਰਹੇ ਹਨ। ਜਿਥੇ ਮਾਪਿਆਂ ਵੱਲੋਂ ਅਤੇ ਬੱਚਿਆਂ ਵੱਲੋਂ ਸੁਨਹਿਰੇ ਭਵਿੱਖ ਦੇ ਸੁਪਨੇ ਵੇਖੇ ਜਾਂਦੇ ਹਨ, ਉਥੇ ਹੀ ਕੁਝ ਬੁਰੇ ਵਕਤ ਦੇ ਚਲਦਿਆਂ ਹੋਇਆਂ ਕੁਝ ਲੋਕ ਅਜਿਹੇ ਸੁਪਨਿਆ ਦੇ ਉੱਪਰ ਪਾਣੀ ਵੀ ਫੇਰ ਦਿੰਦੇ ਹਨ। ਜਿਸ ਨਾਲ ਪਰਿਵਾਰ ਨੂੰ ਆਪਣੇ ਸੁਪਨੇ ਚਕਨਾਚੂਰ ਹੁੰਦੇ ਵੀ ਦਿਖਾਈ ਦਿੰਦੇ ਹਨ। ਪੰਜਾਬ ਵਿੱਚ ਆਏ ਦਿਨ ਹੀ ਚੋਰੀ ਅਤੇ ਲੁਟ-ਖੋਹ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਕੈਨੇਡਾ ਪੜ੍ਹਾਈ ਕਰਨ ਲਈ ਜਾ ਰਹੀ ਕੁੜੀ ਦੀ ਫਲਾਈਟ ਤੋਂ ਕੁਝ ਘੰਟੇ ਪਹਿਲਾਂ ਹੀ ਅਜਿਹਾ ਹਾਦਸਾ ਵਾਪਰਿਆ ਹੈ ਜਿਸ ਨਾਲ ਪਰਿਵਾਰ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਲੜਕੀ ਪ੍ਰਭਜੋਤ ਕੌਰ ਦਾ ਪਰਸ ਚੋਰੀ ਕਰ ਲਿਆ ਗਿਆ ਸੀ। ਜਿਸ ਬਾਰੇ ਲੜਕੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਚੋਰੀ ਦੀ ਸ਼ਿਕਾਇਤ ਸਿਟੀ ਪੁਲਸ ਸਟੇਸ਼ਨ ਕਪੂਰਥਲਾ ਵਿੱਚ ਕੀਤੀ ਗਈ।
ਪਰਵਾਰ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਇਸ ਗੱਲ ਦੀ ਸੀ ਕਿਉਂ ਕਿ ਦੂਸਰੇ ਦਿਨ ਉਨ੍ਹਾਂ ਦੀ ਬੇਟੀ ਨੇ ਕੈਨੇਡਾ ਪੜਾਈ ਵਾਸਤੇ ਜਾਣਾ ਸੀ ਅਤੇ ਉਸ ਦੇ ਪਰਸ ਵਿਚ ਵੀਜ਼ਾ ਲੱਗਾ ਹੋਇਆ ਪਾਸਪੋਰਟ,ਟਿਕਟ ਅਤੇ ਇਕ ਮੋਬਾਇਲ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਟਿਕਟ ਕੈਂਸਲ ਕਰਾਉਣ ਤੱਕ ਦੀ ਵੀ ਗੱਲ ਕੀਤੀ ਗਈ ਸੀ। ਪਰ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਗਿਆ। ਪੁਲੀਸ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਤੈਅ ਕੀਤੀ ਫਲਾਈਟ ਦੇ ਅਨੁਸਾਰ ਹੀ ਲੜਕੀ ਨੂੰ ਭੇਜਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਆਪਣੀ ਇਕ ਟੀਮ ਬਣਾਈ ਗਈ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਲੜਕੀ ਦਾ ਵੀਜ਼ਾ ਲੱਗਾ ਹੋਇਆ ਪਾਸਪੋਰਟ ਅਤੇ ਮੋਬਾਇਲ ਫ਼ੋਨ ਬਰਾਮਦ ਕਰਕੇ 24 ਘੰਟਿਆਂ ਦੇ ਅੰਦਰ-ਅੰਦਰ ਲੜਕੀ ਨੂੰ ਦੇ ਦਿੱਤਾ ਗਿਆ।
ਲੜਕੀ ਨੂੰ ਓਸੇ ਹੀ ਫਲਾਈਟ ਤੇ ਕੈਨੇਡਾ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਨੇ ਦੱਸਿਆ ਸੀ ਕਿ ਉਸ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਉਹ ਆਪਣੇ ਪਿੰਡ ਮਿੱਠਾਪੁਰ ਤੋਂ ਕਪੂਰਥਲਾ ਦੇ ਹਸਪਤਾਲ ਵਿਖੇ ਕਰੋਨਾ ਦਾ ਟੀਕਾ ਲਗਵਾਉਣ ਵਾਸਤੇ ਆਈ ਸੀ। ਮੋਟਰਸਾਈਕਲ ਸਵਾਰ ਚੋਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।