ਰਾਇਲਜ਼ ਚੈਲੰਜਰਜ਼ ਬੈਂਗਲੁਰੂ ਨੇ ਹਰਸ਼ਲ ਪਟੇਲ ਦੀ ਹੈਟ੍ਰਿਕ ਅਤੇ ਗਲੇਨ ਮੈਕਸਵੈੱਲ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮਹੱਤਵਪੂਰਨ ਮੈਚ ਵਿਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 54 ਦੌੜਾਂ ਨਾਲ ਹਰਾ ਦਿੱਤਾ। ਕਪਤਾਨ ਵਿਰਾਟ ਕੋਹਲੀ ਨੇ 51 ਦੌੜਾਂ (42 ਗੇਂਦਾਂ, ਤਿੰਨ ਚੌਕੇ, ਤਿੰਨ ਛੱਕੇ) ਤੋਂ ਬਾਅਦ ਮੈਕਸਵੈੱਲ ਨੇ 56 ਦੌੜਾਂ (37 ਗੇਂਦਾਂ, 6 ਚੌਕੇ, ਤਿੰਨ ਛੱਕੇ) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਰਾਇਲਜ਼ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ 6 ਵਿਕਟਾਂ ‘ਤੇ 165 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਰ. ਸੀ. ਬੀ. ਦੇ ਲਈ ਫਿਰ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ‘ਪਰਪਲ ਕੈਪ’ ਧਾਰੀ ਪਟੇਲ ਨੇ ਹੈਟ੍ਰਿਕ ਬਣਾਉਂਦੇ ਹੋਏ 17 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਯੁਜਵੇਂਦਰ ਚਾਹਲ ਨੇ 11 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਮੈਕਸਵੈੱਲ ਨੇ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਆਪਣੇ ਚਾਰ ਓਵਰਾਂ ਵਿਚ 23 ਦੌੜਾਂ ‘ਤੇ 2 ਅਹਿਮ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਨੂੰ 18.1 ਓਵਰ ਵਿਚ 111 ਦੌੜਾਂ ‘ਤੇ ਢੇਰ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਪਟੇਲ ਨੇ ਇਸ ਆਈ. ਪੀ. ਐੱਲ. ਸੈਸ਼ਨ ਦੇ ਭਾਰਤ ਵਿਚ ਹੋਏ ਪਹਿਲੇ ਗੇੜ ਵਿਚ ਮੁੰਬਈ ਇੰਡੀਅਨਜ਼ ਦੇ ਵਿਰੁੱਧ ਪੰਜ ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਕੀਤਾ ਸੀ। ਆਰ. ਸੀ. ਬੀ. ਦੇ ਇਸ ਜਿੱਤ ਨਾਲ 12 ਅੰਕ ਹੋ ਗਏ ਹਨ ਅਤੇ ਉਹ ਤੀਜੇ ਸਥਾਨ ‘ਤੇ ਬਰਕਰਾਰ ਹੈ। ਮੁੰਬਈ ਇੰਡੀਅਨਜ਼ ਇਸ ਹਾਰ ਤੋਂ ਬਾਅਦ 7ਵੇਂ ਸਥਾਨ ‘ਤੇ ਖਿਸਕ ਗਈ ਹੈ।
ਮੁੰਬਈ ਇੰਡੀਅਨਜ਼ ਨੇ ਕਪਤਾਨ ਰੋਹਿਤ ਸ਼ਰਮਾ (28 ਗੇਂਦਾਂ, ਪੰਜ ਚੌਕੇ ਤੇ ਇਕ ਛੱਕੇ ਨਾਲ 43) ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ, ਜਿਸ ਨਾਲ ਪਾਵਰ ਪਲੇਅ ਵਿਚ ਬਿਨਾਂ ਵਿਕਟ ਗੁਆਏ 56 ਦੌੜਾਂ ਬਣਾ ਲਈਆਂ ਸਨ ਪਰ ਅਗਲੇ ਹੀ ਓਵਰ ਵਿਚ ਡੀ ਕੌਕ (24 ਦੌੜਾਂ, 23 ਗੇਂਦਾਂ, ਚਾਰ ਚੌਕੇ) ਚਾਹਲ ਦੀ ਲੈੱਗ ਸਪਿਨ ਦੇ ਵਿਰੁੱਧ ਚੌਕਸ ਹੋ ਕੇ ਖੇਡ ਰਹੇ ਸਨ ਪਰ ਉਹ ਫਿਰ ਇਕ ਵਾਰ ਉਸਦੀ ਗੇਂਦ ‘ਤੇ ਆਊਟ ਹੋਏ, ਜਿਸਦਾ ਕੈਚ ਮੈਕਸਵੈੱਲ ਨੇ ਦੌੜਦੇ ਹੋਏ ਕੀਤਾ। ਇਹ ਪੰਜਵੀਂ ਵਾਰ ਹੈ ਜਦੋ ਡੀ ਕੌਕ ਚਾਹਲ ਦਾ ਸ਼ਿਕਾਰ ਹੋਏ ਹਨ। ਮੁੰਬਈ ਦਾ ਸਕੋਰ 10 ਓਵਰਾਂ ਤੋਂ ਬਾਅਦ ਦੋ ਵਿਕਟਾਂ ‘ਤੇ 79 ਦੌੜਾਂ ਸਨ। ਫਿਰ ਮੁੰਬਈ ਇੰਡੀਅਨਜ਼ ਨੂੰ ਵਧੀਆ ਸਾਂਝੇਦਾਰੀ ਦੀ ਜ਼ਰੂਰਤ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਟੀਮ ਨੇ ਲਗਾਤਾਰ ਵਿਕਟ ਗੁਆਏ ਤੇ ਪੂਰੀ ਟੀਮ 111 ਦੌੜਾਂ ‘ਤੇ ਢੇਰ ਹੋ ਗਈ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਸੌਰਭ ਤਿਵਾਰੀ, ਕਰੁਣਾਲ ਪੰਡਯਾ, ਐਡਮ ਮਿਲਨੇ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੈਂਟ ਬੋਲਟ।
ਰਾਇਲ ਚੈਲੰਜਰਜ਼ ਬੈਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਕੇ.ਐੱਸ. ਭਾਰਤ (ਵਿਕਟਕੀਪਰ), ਗਲੇਨ ਮੈਕਸਵੈੱਲ, ਏ.ਬੀ. ਡਿਵਿਲੀਅਰਸ, ਟਿਮ ਡੇਵਿਡ/ਵਾਨਿੰਦੂ ਹਸਰੰਗਾ, ਕਾਹਿਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਨਵਦੀਪ ਸੈਣੀ।