ਤੇਜ਼ ਗੇਂਦਬਾਜ਼ ਹਾਰਿਸ ਰਾਊਫ ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਗਰੁੱਪ 2 ਮੁਕਾਬਲੇ ਵਿਚ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 8 ਗੇਂਦਾਂ ਰਹਿੰਦੇ ਪੰਜ ਵਿਕਟਾਂ ‘ਤੇ 135 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (33), ਸ਼ੋਏਬ ਮਲਿਕ (20 ਗੇਂਦਾਂ ਵਿਚ ਅਜੇਤੂ 26) ਤੇ ਆਸਿਫ ਅਲੀ (12 ਗੇਂਦਾਂ ਵਿਚ ਅਜੇਤੂ 27) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਲਿਕ ਤੇ ਆਸਿਫ ਨੇ ਅਹਿਮ ਹਾਲਾਤਾਂ ਵਿਚ 2.5 ਓਵਰਾਂ ‘ਚ 48 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਆਸਿਫ ਨੇ ਆਪਣੀ ਪਾਰੀ ਵਿਚ ਇਕ ਚੌਕੇ ਤੇ ਤਿੰਨ ਛੱਕੇ ਜਦਕਿ ਮਲਿਕ ਨੇ 2 ਚੌਕੇ ਤੇ ਇਕ ਛੱਕਾ ਲਗਾਇਆ। ਰਾਊਫ (22 ਦੌੜਾਂ ‘ਤੇ ਚਾਰ) ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ ਨਿਊਜ਼ੀਲੈਂਡ ਦੀ ਟੀਮ 8 ਵਿਕਟਾਂ ‘ਤੇ 134 ਦੌੜਾਂ ਹੀ ਬਣਾ ਸਕੀ। ਸਪਿਨਰਾਂ ਇਮਾਦ ਵਸੀਮ (24 ਦੌੜਾਂ ‘ਤੇ ਇਕ ਵਿਕਟ) ਤੇ ਮੁਹੰਮਦ ਹਫੀਜ਼ (16 ਦੌੜਾਂ ‘ਤੇ ਇਕ ਵਿਕਟ) ਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ (21 ਦੌੜਾਂ ‘ਤੇ ਇਕ ਵਿਕਟ) ਨੇ ਵੀ ਰਾਊਫ ਦਾ ਵਧੀਆ ਸਾਥ ਨਿਭਾਇਆ।
ਪਲੇਇੰਗ ਇਲੈਵਨ ਟੀਮਾਂ :-
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ।
ਨਿਊਜ਼ੀਲੈਂਡ: ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਡੇਵੋਨ ਕੋਨਵੇ, ਗਲੇਨ ਫਿਲਿਪਸ, ਜੇਮਸ ਨੀਸ਼ਮ, ਟਿਮ ਸੇਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਦੀ, ਟ੍ਰੇਂਟ ਬੋਲਟ।