ਕੋਰੋਨਾ ਦੇ ਨਵੇਂ ਵੈਰੀਏਂਟ ਦੇ ਖਤਰੇ ਦੇ ਵਿਚਕਾਰ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ।
ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿੱਚ ਅੰਤਰਰਾਸ਼ਟਰੀ ਉਡਾਣਾਂ ਪਿਛਲੇ ਸਾਲ 23 ਮਾਰਚ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਪਿਛਲੇ ਸਾਲ ਜੁਲਾਈ ਤੋਂ ਲਗਭਗ 28 ਦੇਸ਼ਾਂ ਦੇ ਨਾਲ ਏਅਰ ਬਬਲ ਵਿਵਸਥਾ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਿਹਤ-ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ 15 ਦਸੰਬਰ 2021 ਤੋਂ ਭਾਰਤ ਆਉਣ-ਜਾਣ ਲਈ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਗ੍ਰਹਿ ਮੰਤਰਾਲਾ ਦੇਸ਼ਾਂ ਦੀਆਂ ਤਿੰਨ ਸੂਚੀਆਂ ਤਿਆਰ ਕਰੇਗਾ। ਇਸ ਆਧਾਰ ‘ਤੇ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ।
ਸੂਤਰਾਂ ਅਨੁਸਾਰ ਭਾਰਤ ਦਸੰਬਰ ਦੇ ਤੀਜੇ ਹਫ਼ਤੇ ਤੋਂ ਪਾਬੰਦੀਸ਼ੁਦਾ 14 ਦੇਸ਼ਾਂ ਨੂੰ ਛੱਡ ਕੇ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰੇਗਾ। ਹਾਲਾਂਕਿ ਇਨ੍ਹਾਂ 14 ਦੇਸ਼ਾਂ ਦੇ ਨਾਲ ਮੌਜੂਦਾ ਏਅਰ-ਬਬਲ ਫਲਾਈਟ ਵਿਵਸਥਾ ਜਾਰੀ ਰਹੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਜਿਨ੍ਹਾਂ 14 ਦੇਸ਼ਾਂ ਲਈ ਉਡਾਣਾਂ ‘ਤੇ ਪਾਬੰਦੀ ਜਾਰੀ ਰਹੇਗੀ, ਉਨ੍ਹਾਂ ‘ਚ ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚੀਨ, ਮਾਰੀਸ਼ਸ, ਸਿੰਗਾਪੁਰ, ਬੰਗਲਾਦੇਸ਼, ਬੋਤਸਵਾਨਾ, ਜ਼ਿੰਬਾਬਵੇ ਅਤੇ ਨਿਊਜ਼ੀਲੈਂਡ ਸ਼ਾਮਲ ਹਨ।