ਜੇਲ੍ਹ ਅੰਦਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸੱਚਾ ਸੌਦਾ ਦੀ ਸੰਗਤ ਨੂੰ ਇਕ ਚਿੱਠੀ ਭੇਜੀ ਹੈ। ਜਿਸ ਨੂੰ ਲੈ ਕੇ ਨਾਮ ਚਰਚਾ ਘਰ ਬਰਨਾਲਾ ਵਿਖੇ ਜ਼ਿਲ੍ਹੇ ਦੇ 15 ਹਜ਼ਾਰ ਦੇ ਕਰੀਬ ਭਗਤਾਂ ਨੇ ਹਿੱਸਾ ਲਿਆ ਅਤੇ ਵੱਡੀ ਐਲਸੀਡੀ ਰਾਹੀਂ ਉਨ੍ਹਾਂ ਨੂੰ ਡੇਰਾ ਮੁਖੀ ਦੀ ਚਿੱਠੀ ਪੜ੍ਹਾਈ ਗਈ। ਇਸ ਮੌਕੇ ਵੱਡੇ ਇਕੱਠ ਨੇ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਵੀ ਕੀਤੀ।
ਇਸ ਸਬੰਧੀ ਡੇਰਾ ਸੱਚਾ ਸੌਦਾ ਸਿਰਸਾ ਦੇ ਸਟੇਟ 45 ਮੈਂਬਰੀ ਕਮੇਟੀ ਦੇ ਮੈਂਬਰਾਂ ਕੁਲਦੀਪ ਕੌਰ ਅਤੇ ਰਾਮ ਲਾਲ ਸ਼ੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਵੱਲੋਂ ਭੰਡਾਰੇ ਤੇ ਸੰਗਤ ਨੂੰ ਚਿੱਠੀ ਭੇਜ ਕੇ ਵਧਾਈ ਸੰਦੇਸ਼ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਾਮ ਚਰਚਾ ਘਰ ਬਰਨਾਲਾ ਵਿਖੇ ਅੱਜ ਸਮਾਜ ਸੇਵੀ ਕੰਮਾਂ ਦਾ ਉਪਰਾਲਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਰਾਸ਼ਨ ਵੰਡਿਆ ਗਿਆ ਹੈ।
ਇੱਕ ਪਾਸੇ ਜਿੱਥੇ ਪੰਜਾਬ ਦੇ ਸਮੁੱਚੇ ਨਾਮਚਰਚ ਘਰਾਂ ਵਿੱਚ ਵੱਡੇ ਪੱਧਰ ‘ਤੇ ਡੇਰਾ ਸੰਗਤ ਦੇ ਇਕੱਠੇ ਹੋਣ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉੱਥੇ ਹੀ ਡੇਰੇ ਦੇ ਭਗਤਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਕੋਈ ਵੀ ਆਦੇਸ਼ ਨਹੀਂ ਹੋਏ ਹਨ।