ਸਲੋਕ ॥ ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥ ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥ ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥ ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥ ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥
ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ, ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥ ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ। ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥