ਆਕਲੈਂਡ – ਹਰਮੀਕ ਸਿੰਘ – ਨਿਊਜੀਲੈਂਡ ਦੇ ਪੰਜਾਬੀ ਰੇਡੀਓ ਸਪਾਇਸ ਦੇ ਚਰਚਿਤ ਪੇਸ਼ਕਾਰ ਅਤੇ ਪ੍ਰਬੰਧਕ ਸ. ਪਰਮਿੰਦਰ ਸਿੰਘ ( ਪਾਪਾਟੋਏਟੋਏ ) ਹੋਰਾਂ ਦੀ ਪਲੇਠੀ ਪੁਸਤਕ “ਕੀਵੀਨਾਮਾ – (ਵੇਖੇ ਦੁਨੀਆ ਦੇ ਰੰਗ) ਅੱਜ ਚੜਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਇੱਕ ਭਰਵੇ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ ।
ਇਸ ਕਿਤਾਬ ਨੂੰ ਪਾਠਕਾਂ ਦੇ ਰੁਬਰੂ ਕਰਨ ਮੌਕੇ ਪਰਮਿੰਦਰ ਸਿੰਘ ਹੋਰਾਂ ਨਾਲ ਉਹਨਾਂ ਦਾ ਪਰਿਵਾਰ, ਨੈਸ਼ਨਲ ਪਾਰਟੀ ਲੀਡਰ ਸ਼੍ਰੀ ਕ੍ਰਿਸਟੋਫਰ ਲਕਸਨ, ਪਾਪਾਟੋਏ – ਉਟਾਰਾ ਬੋਰਡ ਦੇ ਕੌਂਸਲਰ ਸ਼੍ਰੀ ਅਸ਼ਰਫ ਚੌਧਰੀ, ਨਿਊਜੀਲੈਂਡ ਪੁਲਿਸ ਏਸ਼ੀਅਨ ਸਲਾਹਕਾਰ ਬੋਰਡ ਤੋ ਜੈਸੀਕਾ ਫੌਂਗ ਤੋ ਇਲ਼ਾਵਾ ਰੇਡੀਉ ਸਪਾਇਸ ਦੀ ਟੀਮ , ਮਿੱਤਰ, ਸਨੇਹੀ ਅਤੇ ਸ਼ੁਭਚਿੰਤਕ ਆਦਿ ਲੋਕ ਹਾਜਿਰ ਰਹੇ ।
ਪਰਮਿੰਦਰ ਸਿੰਘ ਹੋਰਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਪਲੇਠੀ ਪੁਸਤਕ ‘ਚ ਉਹਨਾਂ ਨੇ ਆਪਣੀਆਂ ਵਿਦੇਸ਼ ਫੇਰੀਆਂ ਅਤੇ ਹਮਵਤਨ ਫੇਰੀਆਂ ਤੋ ਇਲਾਵਾ ਕੁਝ ਨਿਵੇਕਲੇ ਲੇਖ ਸ਼ਾਮਿਲ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਬਚਪਨ ਵਿੱਚ ਉਹਨਾਂ ਨੂੰ ਲੋਕ ਗੀਤ ਸੁਣਨ ਦਾ ਸ਼ੌਕ ਸੀ । ਸਕੂਲ ਦੀ ਪੜਾਈ ਦੌਰਾਨ ਸਕੂਲੀ ਭਾਸ਼ਾਵਾਂ ਵਿੱਚ ਵੀ ਗਾਉਂਦੇ – ਲਿਖਦੇ ਰਹੇ । ਪ੍ਰੰਤੂ ਭਵਿੱਖ ਦੀ ਚਿੰਤਾ ਅਤੇ ਰੋਜੀ – ਰੋਟੀ ਕਾਰਨ ਤੋਰਾ – ਫੇਰੀਆਂ ਨੇ ਇਸ ਸ਼ੌਕ ਨੂੰ ਵਧੇਰੇ ਪ੍ਰਫੁੱਲਤ ਨਾ ਹੋਣ ਦਿੱਤਾ ।
ਅੰਤ 2001 ਵਿੱਚ ਨਿਊਜੀਲੈਂਡ ਵਿਚਲੇ ਅੰਤਲੇ ਮੁਕਾਮ ਤੋ ਬਾਅਦ ਇਹ ਵੇਗ ਸ਼ਬਦੀ ਰੂਪ ਧਾਰ ਕੇ ਬਾਹਰ ਆ ਗਿਆ । ਇਸ ਕਿਤਾਬ ਦੀ ਕੀਮਤ 20 ਡਾਲਰ ਰੱਖੀ ਗਈ ਹੈ ਅਤੇ ਇਹ ਪਰਮਿੰਦਰ ਸਿੰਘ ਹੋਰਾਂ ਨਾਲ ਜਾਂ ਰੇਡੀਉ ਸਪਾਇਸ ਦੇ ਫੈਸਬੁਕ ਮੈਸੰਜਰ ਤੇ ਮੈਸਜ ਕਰਕੇ ਮੰਗਵਾਈ ਜਾ ਸਕਦੀ ਹੈ ।
ਅੱਜ ਦੇ ਪ੍ਰੋਗਰਾਮ ਦੇ ਨਾਲ ਹੀ ਰੇਡੀਉ ਸਪਾਇਸ ਦੀ ਟੀਮ ਵੱਲੋ ਫੈਮਿਲੀ ਪਿਕਨਿਕ ਅਤੇ ਬਾਰਬੀਕਿਊ ਦਾ ਵੀ ਪ੍ਰਬੰਧ ਕੀਤਾ ਗਿਆ ਸੀ ।