ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਨੂੰ ਲੈ ਕੇ 20 ਫਰਵਰੀ ਯਾਨੀ ਕਿ ਅੱਜ ਦੇ ਦਿਨ ਪੰਜਾਬ ਵਿਚ ਵੋਟਾਂ (Punjab Election) ਪਾਈਆਂ ਜਾ ਰਹੀਆਂ ਹਨ। ਵੋਟਾਂ ਪਾਉਣ ਲਈ ਸਵੇਰੇ 8 ਵਜੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਹ ਵੋਟਾਂ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ। ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਚੋਣ ਕਮਿਸ਼ਨ (Election Commission) ਵਲੋਂ ਕੋਵਿਡ-19 (Covid-19) ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕੋਵਿਡ-19 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ (Assembly constituency) ਕਾਦੀਆਂ ਅਧੀਨ ਪੈਂਦੇ ਪਿੰਡ ਸਿੱਧਵਾਂ ਦੇ ਪੋਲਿੰਗ ਬੂਥ ਤੇ ਇਕ ਲਾੜੇ ਨੇ ਆਪਣੀ ਬਰਾਤ ਲੈ ਜਾਣ ਤੋਂ ਪਹਿਲਾ ਆਪਣੀ ਵੋਟ ਦਾ ਇਸਤੇਮਾਲ ਕੀਤਾ। ਗੱਲਬਾਤ ਕਰਦਿਆਂ ਲਾੜੇ ਹਰਸਿਮਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਸਿੱਧਵਾਂ -2 ਦੇ ਬੂਥ ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਕਿਹਾ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਵੋਟ ਜ਼ਰੂਰੀ ਆ। ਉਨ੍ਹਾਂ ਨੇ ਕਿਹਾ ਕਿ ਹਰ ਇਕ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਲੋਹੀਆਂ ਦੀ ਗੁਰੂ ਨਾਨਕ ਕਾਲੋਨੀ ਦੇ ਵਸਨੀਕ ਗੁਰਜਿੰਦਰ ਸਿੰਘ ਪੁੱਤਰ ਅਮਰਦੀਪ ਸਿੰਘ ਮਦਾਨ ਵਲੋਂ ਆਪਣੀ ਵੋਟ ਪਾਉਣ ਉਪਰੰਤ ਬਰਾਤ ਦੀ ਰਵਾਨਗੀ ਕੀਤੀ ਹੈ।
ਇਸੇ ਤਰ੍ਹਾਂ ਜ਼ੀਰਕਪੁਰ ਤੋਂ ਇਕ ਲਾੜੀ ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚੀ ਅਤੇ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਆਉਣ ਵਾਲੀ ਜਿਹੜੀ ਵੀ ਸਰਕਾਰ ਸੱਤਾ ਵਿਚ ਆਵੇ ਤਾਂ ਉਹ ਪੰਜਾਬ ਦੇ ਭਵਿੱਖ ਲਈ ਵਧੀਆ ਕੰਮ ਕਰੇ ਅਤੇ ਵੋਟ ਪਾਉਣਾ ਮੇਰਾ ਅਧਿਕਾਰ ਅਤੇ ਮੇਰਾ ਫਰਜ਼ ਹੈ, ਜਿਸ ਨੂੰ ਮੈਂ ਨਿਭਾਉਣ ਲਈ ਆਈ ਹਾਂ। ਜ਼ਿਕਰਯੋਗ ਹੈ ਕਿ ਪੋਲਿੰਗ ਸਟੇਸ਼ਨ ‘ਤੇ ਹਰੇਕ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ। ਜੇਕਰ ਕਿਸੇ ਦਾ ਤਾਪਮਾਨ ਆਮ ਨਾਲੋਂ ਵੱਧ ਹੋਵੇਗਾ ਤਾਂ ਉਸ ਨੂੰ ਇੰਤਜ਼ਾਰ ਕਰਨਾ ਪਵੇਗਾ।
ਉਹ ਆਮ ਸਥਿਤੀ ਤੋਂ ਬਾਅਦ ਜਾਂ ਅੰਤ ਵਿੱਚ ਆਪਣੀ ਵੋਟ ਪਾ ਸਕੇਗਾ। ਕੋਵਿਡ ਪਾਜ਼ੇਟਿਵ ਨੂੰ ਪੋਸਟਲ ਬੈਲਟ ਦੀ ਸਹੂਲਤ ਮਿਲੇਗੀ। ਬਜ਼ੁਰਗ ਅਤੇ ਅਪੰਗ ਵਿਅਕਤੀ ਘਰ ਜਾਂ ਬੂਥ ‘ਤੇ ਆ ਕੇ ਵੋਟ ਪਾ ਸਕਦੇ ਹਨ। ਪੰਜਾਬ ਵਿੱਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਲਈ ਚੋਣ ਕਮਿਸ਼ਨ ਨੇ ਸੂਬਾ ਪੱਧਰ ’ਤੇ 3 ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ 23 ਜ਼ਿਲ੍ਹਿਆਂ ਵਿੱਚ 64 ਜਨਰਲ ਅਬਜ਼ਰਵਰ, 30 ਪੁਲਿਸ ਅਬਜ਼ਰਵਰ ਅਤੇ 50 ਐਕਸਪੇਂਡੀਚਰ ਆਬਜ਼ਰਵਰ ਲਗਾਏ ਗਏ ਹਨ।