ਰਾਜਸਥਾਨ ਦੇ ਕੋਟਾ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਲਾੜੇ ਸਮੇਤ ਵਿਆਹ ਦੇ 9 ਬਰਾਤੀਆਂ ਨੂੰ ਲੈ ਕੇ ਜਾ ਰਹੀ ਤੇਜ਼ ਰਫਤਾਰ ਕਾਰ ਚੰਬਲ ਨਦੀ ‘ਚ ਡਿੱਗ ਗਈ। ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ। ਇਹ ਘਟਨਾ ਨਯਾਪੁਰਾ ਨੇੜੇ ਇੱਕ ਛੋਟੇ ਪੁਲ ‘ਤੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਨਿਗਮ ਦੇ ਗੋਤਾਖੋਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਬਚਾਅ ਮੁਹਿੰਮ ਚਲਾਈ ਗਈ। ਨਦੀ ‘ਚ ਡੁੱਬਣ ਵਾਲੇ ਸਾਰੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਰਾਤ ਬਰਵਾੜਾ ਤੋਂ ਉਜੈਨ ਦੇ ਭੈਰੁਨਾਲਾ ਦੀ ਹਰੀਜਨ ਬਸਤੀ ਜਾ ਰਹੀ ਸੀ। ਸਾਰੇ 9 ਵਿਅਕਤੀ ਇੱਕੋ ਕਾਰ ਵਿੱਚ ਸਵਾਰ ਸਨ। ਨਿਗਮ ਦੇ ਗੋਤਾਖੋਰ ਵਿਸ਼ਨੂੰ ਸ਼੍ਰਿਂਗੀ ਨੇ ਦੱਸਿਆ ਕਿ ਹਾਦਸਾ ਸਵੇਰੇ 5:30 ਵਜੇ ਵਾਪਰਿਆ। ਇੱਕ ਰਾਹਗੀਰ ਨੇ ਕਾਰ ਨੂੰ ਚੰਬਲ ਨਦੀ ਵਿੱਚ ਪਲਟਦੇ ਦੇਖਿਆ। ਇਸ ਤੋਂ ਬਾਅਦ ਨਿਗਮ ਦੇ ਗੋਤਾਖੋਰਾਂ ਦੀ ਟੀਮ ਨੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਐੱਮਬੀਐੱਸ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਲਾੜਾ ਅਵਿਨਾਸ਼ ਵਾਲਮੀਕੀ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ। ਪਰਿਵਾਰ ਨੇ ਦੱਸਿਆ ਕਿ ਕਾਰ ‘ਚ ਅਵਿਨਾਸ਼ ਦੇ ਨਾਲ ਦੋਸਤ ਅਤੇ ਕੁਝ ਰਿਸ਼ਤੇਦਾਰ ਵੀ ਸਵਾਰ ਸਨ। ਉਨ੍ਹਾਂ ਦੇ ਨਾਲ ਬਰਾਤ ਦੀ ਇੱਕ ਬੱਸ ਵੀ ਜਾ ਰਹੀ ਸੀ, ਜੋ ਓਵਰਟੇਕ ਕਰ ਗਈ ਸੀ। ਇਸ ਬੱਸ ਵਿੱਚ 70 ਲੋਕ ਸਵਾਰ ਸਨ। ਇਹ ਲੋਕ 2 ਵਜੇ ਬਰਵਾੜਾ ਤੋਂ ਰਵਾਨਾ ਹੋਏ ਸਨ।