ਹੋਲੀ ਵਾਲੇ ਦਿਨ ਵਾਪਰੇ ਸੜਕ ਹਾਦਸੇ ਵਿਚ ਲੁਧਿਆਣਾ ਦੇ ਇਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਰੋਮੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਫਿਲੌਰ-ਗੋਰਾਇਆ ਨੈਸ਼ਨਲ ਹਾਈਵੇਅ ’ਤੇ ਇਹ ਹਾਦਸਾ ਵਾਪਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉੱਡ ਗਏ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਵਿੰਦਰ ਸਿੰਘ ਰੋਮੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਲੰਧਰ ਤੋਂ ਵਾਪਸ ਲੁਧਿਆਣਾ ਨੂੰ ਆ ਰਿਹਾ ਸੀ ਕਿ ਫਿਲੌਰ ਦੇ ਬੱਛੋਵਾਲ ਨੇੜੇ ਖੜ੍ਹੇ ਟਰਾਲੇ ਵਿੱਚ ਉਸ ਦੀ ਆਈ-20 ਕਾਰ ਹਾਦਸਾਗ੍ਰਸਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਰਵਿੰਦਰ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਉਧਰ ਟਰਾਲਾ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।