ਬਿਹਾਗੜਾ ਮਹਲਾ ੫ ਛੰਤ ॥ ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥ ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥ ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ। (ਅਸੀਂ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ। ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ। ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ ਤੇ ਸਭ ਦੇ ਕੀਤੇ ਕੰਮ ਵੇਖਦਾ ਹੈਂ। ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥