ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਹੋਏ ਵਿਕਾਸ ਕਾਰਜਾਂ ਤੋਂ ਸਿੱਖ ਕੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਚੰਗੇ ਡਾਕਟਰ ਨਹੀਂ ਹਨ। ਇਸ ਕਾਨਫ਼ਰੰਸ ਦੌਰਾਨ ਦਿੱਲੀ ਤੇ ਪੰਜਾਬ ਦਰਮਿਆਨ ਗਿਆਨ ਸਾਂਝਾ ਕਰਨ ਸਬੰਧੀ ਸਮਝੌਤਾ ਵੀ ਕੀਤਾ ਗਿਆ। ਮਾਨ ਨੇ ਕਿਹਾ ਕਿ ਅਸੀਂ ਦਿੱਲੀ ਦੀਆਂ ਚੰਗੀਆਂ ਗੱਲਾਂ ਨੂੰ ਪੰਜਾਬ ਵਿੱਚ ਲਾਗੂ ਕਰਾਂਗੇ। ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ ਸੂਬੇ ਲਈ ਕੁਝ ਨਹੀਂ ਕੀਤਾ ਪਰ ਅਸੀਂ ਖੇਤੀ ਲਈ ਬਹੁਤ ਵਧੀਆ ਵਿਚਾਰ ਲੈ ਕੇ ਆ ਰਹੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਗਿਆਨ ਸਾਂਝਾ ਸਮਝੌਤਾ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਘਟਨਾ ਹੈ। ਸਰਕਾਰਾਂ ਗਿਆਨ ਵੰਡਣ ਲਈ ਸਮਝੌਤੇ ‘ਤੇ ਦਸਤਖਤ ਕਰ ਰਹੀਆਂ ਹਨ। ਸਾਡਾ ਟੀਚਾ ਇੱਕ ਦੂਜੇ ਤੋਂ ਸਿੱਖਣਾ ਤੇ ਵਧਣਾ ਹੈ। ਇਹ ਇੱਕ ਵੱਡਾ ਵਿਕਾਸ ਹੈ।
ਪੰਜਾਬ ਸਰਕਾਰ ਵੱਲੋਂ ਦਿੱਲੀ ਦਾ ਸਰਕਾਰ ਨਾਲ ਨੌਲੇਜ਼ ਸ਼ੇਅਰਿੰਗ ਬਾਰੇ ਕੀਤੇ ਐਮਓਯੂ ਉੱਪਰ ਸਿਆਸੀ ਘਮਾਸਾਣ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਪੰਜਾਬ ਲਈ ਕਾਲਾ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਦਿੱਲੀ ਸਰਕਾਰ ਦੀ ਪੰਜਾਬ ਦੇ ਸਿੱਖਿਆ ਅਦਾਰਿਆਂ ਵਿੱਚ ਦਖਲ-ਅੰਦਾਜੀ ਵਧ ਜਾਵੇਗੀ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਤਿੰਨ ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ।