ਚੀਨ ਦੇ ਸ਼ੰਘਾਈ ਵਿੱਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ । ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਸ਼ੰਘਾਈ ਵਿੱਚ ਕੋਰੋਨਾ ਨਾਲ ਸਥਿਤੀ ਬਹੁਤ ਖਰਾਬ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੰਘਾਈ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਕਾਰਨ 52 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇੱਕ ਦਿਨ ਪਹਿਲਾਂ ਇੱਥੇ 51 ਮਰੀਜ਼ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਸਨ । ਨਗਰ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਦੌਰਾਨ ਸ਼ੰਘਾਈ ਵਿੱਚ ਕੋਰੋਨਾ ਸੰਕਰਮਣ ਦੇ 16,980 ਮਾਮਲੇ ਸਾਹਮਣੇ ਆਏ ਹਨ, ਜਦਕਿ ਕੁੱਲ ਕੇਸਾਂ ਵਿੱਚੋਂ 1,661 ਮਰੀਜ਼ਾਂ ਵਿੱਚ ਲੱਛਣ ਪਾਏ ਗਏ ਹਨ।
ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਚਾਓਯਾਂਗ ਵਿੱਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਸ ਟੈਸਟਿੰਗ ਨੂੰ 10 ਹੋਰ ਜ਼ਿਲ੍ਹਿਆਂ ਵਿੱਚ ਵੀ ਵਧਾ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਐਲਾਨ ਤੋਂ ਬਾਅਦ ਤੋਂ ਹੀ ਲੋਕਾਂ ਨੇ ਲਗਾਤਾਰ ਸਾਮਾਨ ਦਾ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ 11 ਜ਼ਿਲ੍ਹਿਆਂ ਦੇ ਕਰੋੜਾਂ ਲੋਕਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਟੈਸਟ ਕਰਵਾਉਣਾ ਪਵੇਗਾ।
ਗੌਰਤਲਬ ਹੈ ਕਿ ਸ਼ੰਘਾਈ ਦੇ ਲੋਕ ਕਰੋਨਾ ਇਨਫੈਕਸ਼ਨ ਕਾਰਨ ਸਭ ਤੋਂ ਬੁਰੇ ਦੌਰ ‘ਚੋਂ ਗੁਜ਼ਰ ਰਹੇ ਹਨ । ਸਥਿਤੀ ਇਹ ਹੈ ਕਿ ਸ਼ੰਘਾਈ ਵਿੱਚ ਸਿਹਤ ਅਤੇ ਭੋਜਨ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਹਨ । ਸ਼ਹਿਰ ਵਿੱਚ ਸਖ਼ਤ ਲਾਕਡਾਊਨ ਲਗਾਇਆ ਗਿਆ ਹੈ, ਜਿਸ ਕਾਰਨ ਕਰੀਬ 2.5 ਕਰੋੜ ਲੋਕ ਘਰਾਂ ਵਿੱਚ ਕੈਦ ਹਨ। ਲਾਕਡਾਊਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਕਾਰਨ ਲੋਕਾਂ ਵਿੱਚ ਗੁੱਸਾ ਹੈ।
ਦੱਸ ਦੇਈਏ ਕਿ ਚੀਨ ਸਰਕਾਰ ਨੇ ਸ਼ੰਘਾਈ ਦੇ ਸਾਰੇ ਲੋਕਾਂ ਦਾ ਕੋਵਿਡ ਟੈਸਟ ਕਰਵਾਉਣ ਲਈ ਫੌਜ ਦਾ ਸਹਾਰਾ ਲਿਆ ਸੀ । ਕਰੋੜਾਂ ਦੀ ਆਬਾਦੀ ਵਾਲੇ ਸ਼ੰਘਾਈ ਵਿੱਚ 3 ਅਪ੍ਰੈਲ ਨੂੰ ਹਜ਼ਾਰਾਂ ਫੌਜੀਆਂ ਨੂੰ ਉਤਾਰਿਆ ਗਿਆ ਸੀ। 4 ਅਪ੍ਰੈਲ ਨੂੰ, ਅਧਿਕਾਰੀਆਂ ਨੇ ਸ਼ੰਘਾਈ ਵਿੱਚ ਅਣਮਿੱਥੇ ਸਮੇਂ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ । ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਕੁਝ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਰਾਂ ਵਿੱਚ ਕੈਦ ਚੀਨ ਦੇ ਲੋਕ ਇੰਨੇ ਪਰੇਸ਼ਾਨ ਹੋ ਗਏ ਹਨ ਕਿ ਉਹ ਘਰਾਂ ਦੀਆਂ ਖਿੜਕੀਆਂ ‘ਤੇ ਖੜ੍ਹ ਕੇ ਚੀਕਾਂ ਮਾਰਨ ਨੂੰ ਮਜ਼ਬੂਰ ਹੋ ਗਏ ਹਨ।