ਹਿਮਾਚਲ ਪ੍ਰਦੇਸ਼ ਦੀ ਬੇਟੀ ਬਲਜੀਤ ਕੌਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ ਹੈ।ਪਿਛਲੀ ਵਾਰ ਉਹ ਸਿਰਫ 300 ਮੀਟਰ ਦੀ ਦੂਰੀ ‘ਤੇ ਸੀ ਪਰ ਇਸ ਵਾਰ ਬਲਜੀਤ ਕੌਰ ਨੇ ਸਭ ਤੋਂ ਉੱਚੀ ਚੋਟੀ ‘ਤੇ ਤਿਰੰਗਾ ਲਹਿਰਾਇਆ ਹੈ।ਬਲਜੀਤ ਕੌਰ ਸੋਲਨ ਜ਼ਿਲ੍ਹੇ ਦੇ ਕੁਨਿਹਾਰ ਦੀ ਰਹਿਣ ਵਾਲੀ ਹੈ।
ਬਲਜੀਤ ਕੌਰ ਵੀ ਸਾਲ 2016 ਵਿੱਚ ਮਾਊਂਟ ਐਵਰੈਸਟ ਮਿਸ਼ਨ ਵਿੱਚ ਸ਼ਾਮਲ ਹੋਈ ਸੀ ਪਰ ਉਸ ਦੌਰਾਨ ਆਕਸੀਜਨ ਮਾਸਕ ਖਰਾਬ ਹੋਣ ਕਾਰਨ ਵਾਪਸ ਪਰਤਣਾ ਪਿਆ ਸੀ।ਉਸ ਸਮੇਂ ਬਲਜੀਤ 8848.86 ਮੀਟਰ ਉੱਚੀ ਮਾਊਂਟ ਐਵਰੈਸਟ ਤੋਂ ਮਹਿਜ਼ 300 ਮੀਟਰ ਦੂਰ ਸੀ। ਪਰ ਬਲਜੀਤ ਨੇ ਹਾਰ ਨਹੀਂ ਮੰਨੀ ਅਤੇ ਹੁਣ ਆਪਣਾ ਮਿਸ਼ਨ ਪੂਰਾ ਕਰ ਲਿਆ ਹੈ।ਜਾਣਕਾਰੀ ਅਨੁਸਾਰ ਬਲਜੀਤ ਕੌਰ 17 ਮਈ 2022 ਨੂੰ ਰਾਤ 10 ਵਜੇ ਟੀਮ ਨਾਲ ਮਾਊਂਟ ਐਵਰੈਸਟ ਲਈ ਰਵਾਨਾ ਹੋਈ ਸੀ। ਪੰਜ ਦਿਨਾਂ ਦੇ ਸੰਘਰਸ਼ ਤੋਂ ਬਾਅਦ ਬਲਜੀਤ ਕੌਰ ਨੇ ਇਹ ਮੁਕਾਮ ਹਾਸਲ ਕੀਤਾ।ਇਸ ਤੋਂ ਪਹਿਲਾਂ ਬਲਜੀਤ ਨੇ 28 ਅਪ੍ਰੈਲ 2022 ਨੂੰ 8091 ਮੀਟਰ ਉੱਚਾ ਮਾਊਂਟ ਅੰਨਪੂਰਨਾ ਸਰ ਕੀਤਾ ਸੀ।12 ਮਈ 2022 ਨੂੰ ਬਲਜੀਤ ਨੇ 8566 ਮੀਟਰ ਉੱਚੇ ਕੰਚਨਜੰਗਾ ਪਰਬਤ ‘ਤੇ ਤਿਰੰਗਾ ਲਹਿਰਾਇਆ। ਬਲਜੀਤ ਕੌਰ ਦੇ ਨਾਲ ਉਨ੍ਹਾਂ ਦੀ ਗਾਈਡ ਮਿਗਮਾ ਸ਼ੇਰਪਾ ਵੀ ਮੌਜੂਦ ਸਨ।ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਨੂੰ ਐਵਰੈਸਟ ਤੋਂ ਵਾਪਸ ਆਉਣ ‘ਚ ਤਿੰਨ ਦਿਨ ਲੱਗਣਗੇ।ਬਲਜੀਤ ਕੌਰ ਦੇ ਪਰਿਵਾਰਕ ਮੈਂਬਰ ਹੁਣ ਉਸ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਸ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।