Home » ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (24-5-2022)
Home Page News India Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (24-5-2022)

Spread the news

ਆਸਾ ਮਹਲਾ ੫ ॥ ਸਲੋਕ ॥ ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥ ਛੰਤੁ ॥ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥ ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥ ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥ {ਪੰਨਾ 456}

ਅਰਥ: 

ਅਰਥ: ਹੇ ਨਾਨਕ! (ਆਖ–) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ।1।
ਛੰਤ। ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ। ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ। ਹੇ ਭਾਈ! ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।

ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਭਾਈ! ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ।1।