ਸੰਗਰੂਰ ਲੋਕ ਸਭਾ ਜ਼ਿਮਨੀ ਨੂੰ ਲੈ ਕੇ ਮੈਦਾਨ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਗੁਰਮੇਲ ਸਿੰਘ, ਅਕਾਲੀ ਦਲ ਨੇ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਤੇ ਭਾਜਪਾ ਨੇ ਇਥੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਨੂੰ ਟਿਕਟ ਦਿੱਤੀ ਹੈ। ਉਥੇ ਹੀ ਕਾਂਗਰਸ ਨੇ ਵੀ ਇਸ ਸੀਟ ਤੋਂ ਉਮੀਦਵਾਰ ਦਾ ਐਲਾਨ ਦਿੱਤਾ ਹੈ।
ਕਾਂਗਰਸ ਨੇ ਦਲਵੀਰ ਗੋਲਡੀ ਨੂੰ ਇਥੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਧੂਰੀ ਸੀਟ ਤੋਂ ਭਗਵੰਤ ਮਾਨ ਤੋਂ ਹਾਰੇ ਸਨ। ਦੱਸ ਦੇਈਏ ਕਿ ਭਲਕੇ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ।
ਅਜੇ ਤੱਕ ਸੰਗਰੂਰ ਸੀਟ ਤੋਂ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਤੇ ਆਜ਼ਾਦ ਉਮੀਦਵਾਰ ਅਜੇ ਕੁਮਾਰ ਸ਼ਾਮਲ ਹਨ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਸੰਗਰੂਰ ਸੀਟ ਤੋਂ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਟਿਕਟ ਦਿੱਤੀ ਸੀ। ਉਨ੍ਹਾਂ ਨੇ ਕੱਲ੍ਹ ਸੀ.ਐੱਮ. ਮਾਨ ਨਾਲ ਨਾਮਜ਼ਦਗੀ ਭਰੀ ਸੀ। ਹਾਲਾਂਕਿ ਇਥੋਂ ਸੀ.ਐੱਮ. ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਟਿਕਟ ਦੇਣ ਦੀ ਮੰਗ ਹੋ ਰਹੀ ਸੀ।