ਸਿਰਸਾ ਦੇ ਕਾਲਾਂਵਾਲੀ ਦੇ ਸੰਦੀਪ ਉਰਫ ਕੇਕੜਾ ਤੇ ਮਨਪ੍ਰੀਤ ਮੰਨਾ ਨੂੰ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਅੱਜ ਸੰਦੀਪ ਕੇਕੜਾ ਤੇ ਮਨਪ੍ਰੀਤ ਮੰਨਾ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵੱਲੋਂ ਕੇਕੜਾ ਨੂੰ 11 ਦਿਨ ਦੀ ਰਿਮਾਂਡ ‘ਤੇ ਭੇਜਿਆ ਗਿਆ ਤੇ ਮਨਪ੍ਰੀਤ ਮੰਨਾ ਦਾ 9 ਦਿਨ ਦਾ ਰਿਮਾਂਡ ਮਿਲਿਆ ਹੈ।
ਕੇਕੜਾ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ ਅਤੇ ਉਸ ‘ਤੇ ਨਸ਼ਾ ਸਪਲਾਈ ਕਰਨ ਦੇ ਮਾਮਲੇ ਵੀ ਦਰਜ ਹਨ । ਸੂਤਰਾਂ ਅਨੁਸਾਰ ਸੰਦੀਪ ਉਰਫ਼ ਕੇਕੜਾ ਲੰਬੇ ਸਮੇਂ ਤੋਂ ਕਾਲਾਂਵਾਲੀ ਵਿੱਚ ਨਸ਼ਾ ਸਪਲਾਈ ਕਰਦਾ ਆ ਰਿਹਾ ਹੈ। ਪੁਲਿਸ ਵੱਲੋਂ ਕੇਕੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਕੋਈ ਵੀ ਇਸ ਮਾਮਲੇ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ । ਸੂਤਰਾਂ ਮੁਤਾਬਕ ਕੇਕੜਾ ਤਖਤਮਲ ਦੇ ਰਹਿਣ ਵਾਲੇ ਨਿੱਕੂ ਦਾ ਦੋਸਤ ਹੈ ।
ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਨਿੱਕੂ ਕੇਕੜੇ ਨੂੰ ਆਪਣੇ ਨਾਲ ਬਾਈਕ ‘ਤੇ ਮੂਸੇਵਾਲਾ ਪਿੰਡ ਲੈ ਗਿਆ ਸੀ । ਇੱਥੇ ਦੋਵਾਂ ਨੇ ਸਿੱਧੂ ਮੂਸੇਵਾਲਾ ਨਾਲ ਸੈਲਫੀ ਲਈ ਅਤੇ ਉਨ੍ਹਾਂ ਦੀ ਗੱਡੀ ਦੀ ਫੋਟੋ ਵੀ ਖਿੱਚੀ । ਤਖ਼ਤਮਲ ਦਾ ਰਹਿਣ ਵਾਲਾ ਨਿੱਕੂ ਇੱਕ ਅਪਰਾਧੀ ਵਿਅਕਤੀ ਹੈ ਅਤੇ ਉਸ ਦਾ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਅਪਰਾਧਿਕ ਰਿਕਾਰਡ ਹੈ। ਜਾਂਚ ਦੌਰਾਨ ਕੇਕੜਾ ਨੇ ਕਈ ਵੱਡੇ ਖੁਲਾਸੇ ਕੀਤੇ ਹਨ।
ਦੱਸ ਦੇਈਏ ਕਿ ਨਿੱਕੂ ‘ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਕਾਤਲਾਂ ਨੂੰ ਉਸਦੀ ਲੋਕੇਸ਼ਨ, ਗੱਡੀ ਅਤੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ ਦੇ ਦੋਸ਼ ਸੀ। ਨਿੱਕੂ ਨੂੰ ਫੜਨ ਲਈ ਪੰਜਾਬ ਪੁਲਿਸ ਕਈ ਵਾਰ ਤਖ਼ਤਮਲ ਅਤੇ ਕਾਲਾਂਵਾਲੀ ਦੇ ਇਲਾਕਿਆਂ ਵਿੱਚ ਛਾਪੇਮਾਰੀ ਕਰ ਚੁੱਕੀ ਹੈ । ਪਰ ਨਿੱਕੂ ਕਰੀਬ ਡੇਢ ਸਾਲ ਤੋਂ ਪਿੰਡ ਨਹੀਂ ਆਇਆ । ਅਜਿਹੇ ਵਿਚ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਤਖਤਮਲ ਨਿਵਾਸੀ ਨਿੱਕੂ ਅਤੇ ਕਾਲਾਂਵਾਲੀ ਨਿਵਾਸੀ ਸੰਦੀਪ ਉਰਫ ਕੇਕੜਾ ਦੋਵੇਂ ਇਕੱਠੇ ਦਿਖਾਈ ਦਿੱਤੇ। ਪੁਲਿਸ ਨੇ ਕੇਕੜਾ ਨੂੰ ਕਾਬੂ ਕਰ ਲਿਆ ਹੈ। ਜਦਕਿ ਨਿੱਕੂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।