ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਦੇ ਲੋਕਾਂ ਨੂੰ ਬੱਸ ਚੜਨ ਜੋਗੇ ਵੀ ਨਹੀਂ ਕਹਿ ਕੇ ਉਹਨਾਂ ਆਪਣੀ ਇੱਕ ਛੋਟੀ ਸੋਚ ਦਾ ਸਬੂਤ ਦਿੱਤਾ ਹੈ ਅਤੇ ਰਾਜਨੀਤੀ ਲਈ ਆਪਣੇ ਹੀ ਲੋਕਾਂ ਦਾ ਅਪਮਾਨ ਕਰ ਰਹੇ ਹਨ। ਇਹ ਮੋੜਵਾਂ ਜਵਾਬ ਲੋਕ ਸਭਾ ਹਲਕੇ ਦੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਲੋਕਾਂ ਨੂੰ ਬੱਸ ਚੜਨ ਜੋਗੇ ਨਹੀਂ ਕਹਿ ਰਹੇ ਹਨ, ਜਿਹਨਾਂ ਨੇ ਉਹਨਾਂ ਨੂੰ ਹੈਲੀਕਾਪਟਰ ਚੜਨ ਅਤੇ ਹਵਾਈ ਜਹਾਜ਼ ਦੇ ਝੂਟੇ ਲੈਣ ਦੇ ਕਾਬਲ ਬਣਾਇਆ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੇ ਖੇਤਰ ਬੱਸਾਂ ਤੋਂ ਨੂੰ ਏਅਰਪੋਰਟ ਤੱਕ ਲਿਜਾਣਾ ਚਾਹੁੰਦਾ ਹਾਂ। ਏਅਰਪੋਰਟ ਆਉਣ ਨਾਲ ਇਸ ਖੇਤਰ ਦਾ ਵਿਕਾਸ ਅਤੇ ਤਰੱਕੀ ਹੋਵੇਗੀ। ਪਰ ਭਗਵੰਤ ਮਾਨ ਸਾਡੇ ਖੇਤਰ ਦੇ ਲੋਕਾਂ ਨੂੰ ਬੱਸਾਂ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਖਿੱਤੇ ਦੇ ਹਜ਼ਾਰਾਂ ਲੋਕ ਹਰ ਮਹੀਨੇ ਵਿਦੇਸ਼ਾਂ ਨੂੰ ਆਉਂਦੇ ਅਤੇ ਜਾਂਦੇ ਹਨ, ਜਦਕਿ ਬਹੁਤ ਸਾਰੇ ਬਿਜਨੈਸਮੈਨ ਅਜਿਹੇ ਹਨ, ਜੋ ਹਰ ਮਹੀਨੇ ਬਿਜਨੈਸ ਟੂਰ ‘ਤੇ ਵਿਦੇਸ਼ ਜਾਂ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਆਉਂਦੇ ਜਾਂਦੇ ਹਨ। ਜਿਸ ਲਈ ਉਹਨਾਂ ਨੂੰ ਦਿੱਲੀ, ਚੰਡੀਗੜ੍ਹ ਜਾਂ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈਣ ਜਾਣਾ ਪੈਂਦਾ ਹੈ। ਪਰ ਮੈਂ ਆਪਣੇ ਲੋਕਾਂ ਨੂੰ ਏਅਰਪੋਰਟ ਦੀ ਸਹੂਲਤ ਆਪਣੇ ਸ਼ਹਿਰ ਵਿੱਚ ਹੀ ਮੁਹੱਈਆ ਕਰਵਾਉਣਾ ਚਾਹੁੰਦਾ ਹਾਂ, ਜਿਸਦਾ ਸਿੱਧੇ ਤੌਰ ‘ਤੇ ਭਗਵੰਤ ਮਾਨ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਵਿਅਕਤੀ ਆਪਣੇ ਸ਼ਹਿਰ ਦੇ ਵਿਕਾਸ ਦਾ ਵਿਰੋਧ ਕਰਦਾ ਹੈ, ਉਸਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਉਮੀਦ ਨਹੀਂ ਰੱਖਣੀ ਚਾਹੀਦੀ।
ਉਥੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਪੇਨ ਨਾਲ ਭਾਰਤ ਦੇ ਵਪਾਰਕ ਤੌਰ ‘ਤੇ ਚੰਗੇ ਸਬੰਧ ਹਨ। ਇੱਕ ਮੁੱਖ ਮੰਤਰੀ ਵਲੋਂ ਸਪੇਨ ਨੂੰ ਸਮੱਗਲਿੰਗ ਨਾਲ ਜੋੜਨਾ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸਤੋਂ ਇਲਾਵਾ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਸਪੇਨ ਵਿੱਚ ਰੁਜ਼ਗਾਰ ਲਈ ਗਏ ਹੋਏ ਹਨ। ਕੀ ਉਹ ਨੌਜਵਾਨ ਸਮੱਗਲਿੰਗ ਕਰਨ ਸਪੇਨ ਜਾਂਦੇ ਹਨ, ਇਸਦਾ ਗੱਲ ਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਦੁਖੀ ਹੋ ਚੁੱਕੇ ਹਨ, ਜਿਸ ਕਰਕੇ ਸੰਗਰੂਰ ਤੋਂ ਆਪ ਦੀ ਹਾਰ ਨੂੰ ਦੇਖਦੇ ਹੋਏ ਭਗਵੰਤ ਮਾਨ ਬੁਖਲਾ ਚੁੱਕੇ ਹਨ ਅਤੇ ਇਸ ਤਰ੍ਹਾਂ ਦੇ ਗਲਤ ਬਿਆਨ ਦੇ ਰਹੇ ਹਨ।