Home » ਜੇ ਗੋਲੀਆਂ ਨਾਲ ਨਾ ਮਰਦਾ ਤਾਂ ਬੰਬ ਨਾਲ ਉਡਾਉਣਾ ਸੀ ਸਿੱਧੂ ਮੂਸੇਵਾਲਾ…
Home Page News India India News

ਜੇ ਗੋਲੀਆਂ ਨਾਲ ਨਾ ਮਰਦਾ ਤਾਂ ਬੰਬ ਨਾਲ ਉਡਾਉਣਾ ਸੀ ਸਿੱਧੂ ਮੂਸੇਵਾਲਾ…

Spread the news

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਕਿਰਾਏ ਦੇ ਮਕਾਨ ਵਿੱਚ ਲੁਕੇ ਹੋਏ ਸਨ। ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਉਹ ਪੂਰੇ ਕਤਲ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ। ਕੇਸ਼ਵ ਉਰਫ਼ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਰਹਿਣ ਵਾਲਾ ਹੈ। 2021 ‘ਚ ਝੱਜਰ ‘ਚ ਉਸ ‘ਤੇ ਕਤਲ ਦਾ ਮਾਮਲਾ ਦਰਜ ਹੈ। ਕਸ਼ਿਸ਼ ਬਠਿੰਡਾ ਦਾ ਰਹਿਣ ਵਾਲਾ ਹੈ।

ਸ਼ਾਰਪ ਸ਼ੂਟਰਾਂ ਨੇ ਪੁਲਿਸ ਦੀਆਂ ਵਰਦੀਆਂ ਵੀ ਲੈ ਲਈਆਂ ਸਨ

ਦਿੱਲੀ ਐਂਟੀ ਟੈਰਰ ਯੂਨਿਟ, ਸਪੈਸ਼ਲ ਸੈੱਲ ਦੇ ਮੁਖੀ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ, ਜੋ ਕੋਰੋਲਾ ਅਤੇ ਬੋਲੈਰੋ ਵਿੱਚ ਸਵਾਰ ਹੋ ਕੇ ਆਏ ਸਨ। ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ‘ਤੇ ਹਮਲੇ ਦੌਰਾਨ ਜੇਕਰ ਹਥਿਆਰ ਫੇਲ ਹੋ ਜਾਂਦੇ ਜਾਂ ਮੌਕੇ ‘ਤੇ ਕੋਈ ਖ਼ਤਰਾ ਹੁੰਦਾ ਤਾਂ ਉਸ ਉਪਰ ਗ੍ਰੇਨੇਡ ਨਾਲ ਹਮਲਾ ਕਰਨ ਦੀ ਯੋਜਨਾ ਵੀ ਬਣਾਈ ਗਈ ਸੀ। ਇਸ ਤੋਂ ਇਲਾਵਾ ਸ਼ਾਰਪ ਸ਼ੂਟਰਾਂ ਨੇ ਪੁਲਿਸ ਦੀ ਵਰਦੀ ਵੀ ਨਾਲ ਲਈ ਹੋਈ ਸੀ। ਹਾਲਾਂਕਿ, ਉਹਨਾਂ ਨੇ ਪੁਲਿਸ ਦੀ ਵਰਦੀ ਨਹੀਂ ਪਾਈ ਕਿਉਂਕਿ ਉਹਨਾਂ ਕੋਲ ਨਾਮ ਵਾਲੀ ਪਲੇਟ ਨਹੀਂ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਫੋਨ ਕਰਕੇ ਕਿਹਾ ਕਿ ਕੰਮ ਹੋ ਗਿਆ ਹੈ।

ਮੂਸੇਵਾਲਾ ਨੂੰ 2 ਮਾਡਿਊਲਾਂ ਨੇ ਮਾਰਿਆ ਗਿਆ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਐਚ ਜੀ ਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ 2 ਮਾਡਿਊਲ ਸਰਗਰਮ ਸਨ। ਦੋਵੇਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਉਸ ਟੀਮ ਦਾ ਮੁਖੀ ਪ੍ਰਿਅਵਰਤ ਫੌਜੀ ਸੀ। ਉਨ੍ਹਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਵੀ ਮੌਜੂਦ ਸਨ। ਕੋਰੋਲਾ ਕਾਰ ਜਗਰੂਪ ਰੂਪਾ ਚਲਾ ਰਿਹਾ ਸੀ। ਉਸ ਦੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ। ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ ਮੂਸੇਵਾਲਾ ‘ਤੇ ਏ ਕੇ-47 ਨਾਲ ਫਾਇਰਿੰਗ ਕੀਤੀ। ਗੋਲੀ ਮੂਸੇਵਾਲਾ ਨੂੰ ਲੱਗੀ ਅਤੇ ਮੂਸੇਵਾਲਾ ਦੀ ਥਾਰ ਗੱਡੀ ਉੱਥੇ ਹੀ ਰੁਕ ਗਈ। ਫਿਰ ਕੋਰੋਲਾ ਤੋਂ ਸ਼ੂਟਰ ਉਤਰੇ ਅਤੇ 4 ਸ਼ੂਟਰ ਬੋਲੇਰੋ ਤੋਂ ਵੀ ਉਤਰੇ ਅਤੇ ਸਾਰੇ 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਹੁਣ ਮੂਸੇਵਾਲਾ ਬਚ ਨਹੀਂ ਸਕੇਗਾ ਤਾਂ ਉਹ ਸਾਰੇ ਭੱਜ ਗਏ। ਬੋਲੈਰੋ ਨੂੰ ਛੱਡ ਕੇ ਕੇਸ਼ਵ ਇਸ ਨੂੰ ਦੂਜੀ ਕਾਰ ‘ਚ ਲੈ ਗਿਆ।

ਇਸ ਵਾਰਦਾਤ ਤੋਂ ਬਾਅਦ ਮੰਨੂੰ ਅਤੇ ਰੂਪਾ ਵੱਖ ਹੋ ਗਏ। ਬਾਕੀ 4 ਲੋਕ ਬੋਲੈਰੋ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਕੁਝ ਕਿਲੋਮੀਟਰ ਬਾਅਦ ਕੇਸ਼ਵ ਨੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਉਥੋਂ ਇਹ ਫਤਿਹਾਬਾਦ ਪਹੁੰਚੇ ਅਤੇ ਕੁੱਝ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਅੱਗੇ ਚੱਲ ਪਏ। ਇਦ ਦੌਰਾਨ ਉਹ ਕਈ ਥਾਵਾਂ ‘ਤੇ ਲੁਕਦੇ ਰਹੇ। 19 ਜੂਨ ਨੂੰ ਸਵੇਰੇ ਤੜਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਨ੍ਹਾਂ ਨੂੰ ਮੁੰਦਰਾ ਬੰਦਰਗਾਹ ਨੇੜੇ ਖਾਰੀ ਮਿੱਠੀ ਰੋਡ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਨੇ ਸਥਾਨਕ ਡੀਲਰ ਰਾਹੀਂ ਕਿਰਾਏ ‘ਤੇ ਮਕਾਨ ਲਿਆ ਸੀ।

ਦਿੱਲੀ ਪੁਲਿਸ ਅਨੁਸਾਰ ਇਨ੍ਹਾਂ ਦੋਸ਼ੀਆਂ ਕੋਲੋਂ 8 ਉੱਚ ਵਿਸਫੋਟਕ ਗ੍ਰਨੇਡ, ਅੰਡਰ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤੇ ਗਏ ਹਨ। ਇਸ ਨੂੰ ਇਹਨਾਂ ਨੂੰ ਏ ਕੇ-47 ‘ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਅਸਾਲਟ ਰਾਈਫਲ, 3 ਪਿਸਤੌਲ, 36 ਰਾਊਂਡ ਕਾਰਤੂਸ, ਏਕੇ ਸੀਰੀਜ਼ ਦੀ ਅਸਾਲਟ ਰਾਈਫਲ ਦਾ ਇੱਕ ਹਿੱਸਾ ਵੀ ਮਿਲਿਆ ਹੈ। ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੂੰ 25 ਮਈ ਨੂੰ ਹਰਿਆਣਾ ਦੇ ਬੀਸਲਾ ਪੈਟਰੋਲ ਪੰਪ ‘ਤੇ ਦੇਖਿਆ ਗਿਆ ਸੀ। ਇਨ੍ਹਾਂ ਸ਼ਾਰਪ ਸ਼ੂਟਰਾਂ ਦੀ ਪਛਾਣ ਇਸ ਪੰਪ ਦੀ ਆਇਲ ਸਲਿਪ ਤੋਂ ਹੋਈ ਸੀ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਇਨ੍ਹਾਂ ਦੀ ਬੋਲੈਰੋ ‘ਚੋਂ ਬਰਾਮਦ ਹੋਈ ਸੀ।

25 ਹਜ਼ਾਰ ਦਾ ਇਨਾਮੀ ਹੈ ਫੌਜੀ

ਪ੍ਰਿਆਵਰਤ ਫੌਜੀ ਹਰਿਆਣਾ ਦੇ ਸੋਨੀਪਤ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਬਦਨਾਮ ਪ੍ਰਿਆਵਰਤ ਦੇ ਖਿਲਾਫ ਦੋ ਕਤਲਾਂ ਸਮੇਤ ਕੁੱਲ 11 ਮਾਮਲੇ ਦਰਜ ਹਨ। ਉਸ ਦੇ ਖਿਲਾਫ ਸੋਨੀਪਤ ਦੇ ਖਰਖੋਦਾ ਅਤੇ ਬੜੌਦਾ ਥਾਣਿਆਂ ‘ਚ ਕਤਲ ਦਾ ਮਾਮਲਾ ਦਰਜ ਹੈ। ਉਸ ਨੂੰ 10 ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਡੇਢ ਸਾਲ ਪਹਿਲਾਂ ਕ੍ਰਿਸ਼ਨਾ ਕਤਲ ਕੇਸ ਵਿੱਚ ਉਸ ਦਾ ਨਾਂ ਆਇਆ ਸੀ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਸ ‘ਤੇ 25 ਹਜ਼ਾਰ ਦਾ ਇਨਾਮ ਰੱਖਿਆ ਹੋਇਆ ਹੈ।

ਵਰਨਣਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸ਼ਾਮ 5:30 ਵਜੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ‘ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਸਨ। ਮੂਸੇਵਾਲਾ ਨੂੰ ਗੋਲੀ ਲੱਗਣ ਦੇ 15 ਮਿੰਟਾਂ ਦੇ ਅੰਦਰ ਹੀ ਉਸਦੀ ਮੌਤ ਹੋ ਗਈ ਜਦਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਸ਼ਾਰਪ ਸ਼ੂਟਰਾਂ ਨੂੰ ਕੋਰੋਲਾ ਗੱਡੀਆਂ ਦੇਣ ਵਾਲੇ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ ਅਤੇ ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਸਿੰਘ ਮੋਹਣਾ ਅਤੇ ਮੂਸੇਵਾਲਾ ਦੇ ਫੈਨ ਬਣੇ ਸੰਦੀਪ ਕੇਕੜਾ ਵੀ ਸ਼ਾਮਲ ਹਨ।

ਪੰਜਾਬ ਪੁਲਿਸ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਗੈਂਗ ਦੇ ਸਰਗਨਾ ਗੈਂਗਸਟਰ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਸਾਥੀ ਕੈਨੇਡੀਅਨ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।