AMRITVELE DA HUKAMNAMA SRI DARBAR SAHIB, SRI AMRITSAR, ANG 468, 25-08-2022
ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)। ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)। ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)। ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ। ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ। (ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥