Home » ਬਾਇਡਨ ਨੇ ਚੀਨ ਨੂੰ ਦਿੱਤੀ ਚਿਤਾਵਨੀ, ਕਿਹਾ- ਤਾਇਵਾਨ ’ਤੇ ਜੇ ਚੀਨ ਨੇ ਹਮਲਾ ਕੀਤਾ ਤਾਂ ਅਮਰੀਕੀ ਫ਼ੌਜ ਕਰੇਗੀ ਰੱਖਿਆ…
Home Page News India World World News

ਬਾਇਡਨ ਨੇ ਚੀਨ ਨੂੰ ਦਿੱਤੀ ਚਿਤਾਵਨੀ, ਕਿਹਾ- ਤਾਇਵਾਨ ’ਤੇ ਜੇ ਚੀਨ ਨੇ ਹਮਲਾ ਕੀਤਾ ਤਾਂ ਅਮਰੀਕੀ ਫ਼ੌਜ ਕਰੇਗੀ ਰੱਖਿਆ…

Spread the news

ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੇਲੋਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਚੀਨ ਨਾਲ ਵਧਿਆ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਵਿਚਾਲੇ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਇੰਟਰਵਿਊ ’ਚ ਇਹ ਕਹਿ ਕੇ ਮਾਮਲਾ ਹੋਰ ਭਖਾ ਦਿੱਤਾ ਹੈ ਕਿ ਜੇ ਚੀਨ ਆਜ਼ਾਦ ਤਾਇਵਾਨ ’ਤੇ ਹਮਲਾ ਕਰੇਗਾ ਤਾਂ ਅਮਰੀਕੀ ਫੌਜ ਉਸਦੀ ਰੱਖਿਆ ਕਰੇਗੀ। ਸੀਬੀਐੱਸ ਨਿਊਜ਼ ਵੱਲੋਂ ਐਤਵਾਰ ਨੂੰ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ‘60 ਮਿਨਟਸ’ ’ਚ ਇੰਟਰਵਿਊ ਦੌਰਾਨ ਬਾਇਡਨ ਤੋਂ ਜਦੋਂ ਪੁੱਛਿਆ ਗਿਆ ਕਿ ਜੇ ਚੀਨ ਤਾਇਵਾਨ ’ਤੇ ਹਮਲਾ ਕਰੇਗਾ ਤਾਂ ਕੀ ਅਮਰੀਕੀ ਫੋਰਸ ਤੇ ਲੋਕ ਉਸਦੀ ਰੱਖਿਆ ਕਰਨਗੇ ਤਾਂ ਇਸਦਾ ਜਵਾਬ ਬਾਇਡਨ ਨੇ ਹਾਂ ’ਚ ਦਿੱਤਾ। ਹਾਲਾਂਕਿ ਜਦੋਂ ਵ੍ਹਾਈਟ ਹਾਊਸ ਨੂੰ ਇਸ ’ਤੇ ਬਿਆਨ ਦੇਣ ਲਈ ਕਿਹਾ ਗਿਆ ਤਾਂ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਤਾਇਵਾਨ ਪ੍ਰਤੀ ਅਮਰੀਕੀ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਨੀਤੀ ਦੇ ਅਨੁਸਾਰ, ਅਮਰੀਕਾ ਤਾਇਵਾਨ ਮਾਮਲੇ ਨੂੰ ਸ਼ਾਂਤੀ ਨਾਲ ਨਿਪਟਾਉਣ ਦਾ ਪੱਖ ਪੂਰਦਾ ਹੈ ਪਰ ਇਸ ਵਿਚ ਸਪਸ਼ਟ ਨਹੀਂ ਹੈ ਕਿ ਜੇ ਚੀਨ ਹਮਲਾ ਕਰੇਗਾ ਤਾਂ ਅਮਰੀਕਾ ਤਾਇਵਾਨ ਦੀ ਰੱਖਿਆ ਕਰੇਗਾ। ਬਾਇਡਨ ਦੇ ਬਿਆਨ ’ਤੇ ਹਾਲੇ ਚੀਨ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਉਥੇ ਹੀ, ਇਸ ’ਤੇ ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਮਰੀਕੀ ਸਰਕਾਰ ਤਾਇਵਾਨ ਦੀ ਰੱਖਿਆ ਦੇ ਆਪਣੇ ਵਾਅਦੇ ’ਤੇ ਖੜ੍ਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬਾਇਡਨ ਦੇ ਬਿਆਨ ਨਾਲ ਤਾਇਵਾਨ ਸਟੇ੍ਰਟ ’ਚ ਤਣਾਅ ਵਧ ਸਕਦਾ ਹੈ। ਦਰਅਸਲ, ਤਾਇਵਾਨ ਸਟੇ੍ਰਟ ’ਚ ਤਣਾਅ ਉਸ ਸਮੇਂ ਸਿਖਰ ’ਤੇ ਪਹੁੰਚ ਗਿਆ ਸੀ, ਜਦੋਂ ਅਮਰੀਕੀ ਸਪੀਕਰ ਨੈਂਸੀ ਪੇਲੋਸੀ ਤੇ ਸੰਸਦ ਮੈਂਬਰਾਂ ਦੇ ਪ੍ਰਤੀਨਿਧੀ ਮੰਡਲ ਨੇ ਤਾਇਵਾਨ ਦੀ ਯਾਤਰਾ ਕੀਤੀ। ਇਸ ਨਾਲ ਤਾਇਵਾਨ ਨੂੰ ਆਪਣਾ ਖੇਤਰ ਮੰਨਣ ਵਾਲਾ ਚਿਨ ਖਿੱਝ ਗਿਆ ਗਿਆ ਤੇ ਉਸਨੇ ਤਾਇਵਾਨ ਸਟੇ੍ਰਟ ’ਚ ਫੌਜੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਤਾਇਵਾਨ ਦੇ ਚਾਰੇ ਪਾਸੇ ਤਾਇਵਾਨ ਸਟ੍ਰੇਟ ’ਚ ਮਿਜ਼ਾਈਲਾਂ ਦਾਗੀਆਂ ਤੇ ਉਸਦੇ ਜੈੱਟ ਜਹਾਜ਼ਾਂ ਨੇ ਤਾਇਵਾਨ ਦੇ ਹਵਾਈ ਖੇਤਰ ’ਚ ਉਡਾਣਾਂ ਭਰੀਆਂ। ਉਸਨੇ ਫੌਜੀ ਅਭਿਆਸ ਨਾਲ ਧਮਕਾਉਣ ਦੀ ਪੂਰੀ ਕੋਸ਼ਿਸ਼ ਕੀਤੀ।