Home » ਜਾਪਾਨ ‘ਚ ਵਿਵਾਦਾਂ ਦਰਮਿਆਨ ਆਬੇ ਦਾ ਸਰਕਾਰੀ ਅੰਤਿਮ ਸੰਸਕਾਰ, ਤਖ਼ਤੀਆਂ ਲੈ ਕੇ ਸੜਕਾਂ ‘ਤੇ ਉਤਰੇ ਲੋਕ…
Home Page News World World News

ਜਾਪਾਨ ‘ਚ ਵਿਵਾਦਾਂ ਦਰਮਿਆਨ ਆਬੇ ਦਾ ਸਰਕਾਰੀ ਅੰਤਿਮ ਸੰਸਕਾਰ, ਤਖ਼ਤੀਆਂ ਲੈ ਕੇ ਸੜਕਾਂ ‘ਤੇ ਉਤਰੇ ਲੋਕ…

Spread the news

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਵਿਵਾਦ ਦਰਮਿਆਨ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਹੈ ਕਿ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਦੇ ਅੰਤਿਮ ਸੰਸਕਾਰ ਦਾ ਖ਼ਰਚਾ ਸਰਕਾਰੀ ਫੰਡਾਂ ਰਾਹੀਂ ਚੁੱਕਿਆ ਜਾਣਾ ਸਨਮਾਨ ਦੀ ਗੱਲ ਹੈ। ਪਰ ਸਰਕਾਰੀ ਫੰਡਾਂ ਤੋਂ ਆਬੇ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੇਸ਼ ਵਿੱਚ ਲੋਕਾਂ ਦੀ ਰਾਏ ਵੰਡੀ ਹੋਈ ਹੈ। ਆਬੇ ਦੇ ਅੰਤਿਮ ਸੰਸਕਾਰ ‘ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਜਾਪਾਨ ਦੇ ਕ੍ਰਾਊਨ ਪ੍ਰਿੰਸ ਅਕੀਸ਼ਿਨੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਸ਼ਿਰਕਤ ਕੀਤੀ। ਆਬੇ ਦੀ ਪਤਨੀ ਆਕੀ ਕਾਲੇ ਰੰਗ ਦਾ ‘ਕੀਮੋਨੋ’ (ਜਾਪਾਨ ਦਾ ਰਵਾਇਤੀ ਪਹਿਰਾਵਾ) ਪਹਿਨੇ ਆਪਣੇ ਪਤੀ ਦੀਆਂ ਅਸਥੀਆਂ ਵਾਲੇ ਕਲਸ਼ ਨੂੰ ਲੈ ਕੇ ਨਿਪੋਨ ਬੁਡੋਕਨ ਹਾਲ ਪਹੁੰਚੀ। ਇਹ ਕਲਸ਼ ਇੱਕ ਲੱਕੜੀ ਦੇ ਬਕਸੇ ਵਿੱਚ ਸੀ ਜਿਸ ‘ਤੇ ਬੈਂਗਣੀ ਅਤੇ ਸੁਨਹਿਰੇ ਰੰਗ ਦੀਆਂ ਵਾਲਾ ਇਕ ਕੱਪੜਾ ਲਪੇਟਿਆ ਹੋਇਆ ਸੀ। ਸਫੈਦ ਪੌਸ਼ਾਕ ਪਹਿਨੇ ਰੱਖਿਆ ਕਰਮਚਾਰੀਆਂ ਨੇ ਆਬੇ ਦੀਆਂ ਅਸਥੀਆਂ ਵਾਲਾ ਕਲਸ਼ ਲਿਆ ਅਤੇ ਉਸ ਨੂੰ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾਏ ਇਕ ਆਸਣ ‘ਤੇ ਰੱਖਿਆ। ਇਸ ਤੋਂ ਬਾਅਦ ਸਾਰਿਆਂ ਨੇ ਉੱਥੇ ਆਬੇ ਨੂੰ ਸ਼ਰਧਾਂਜਲੀ ਦਿੱਤੀ। 67 ਸਾਲਾ ਆਬੇ ਦਾ 8 ਜੁਲਾਈ ਨੂੰ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਦੱਖਣੀ ਜਾਪਾਨ ਦੇ ਸ਼ਹਿਰ ਨਾਰਾ ‘ਚ ਚੋਣ ਪ੍ਰਚਾਰ ਦੌਰਾਨ ਇਕ ਜਨਤਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਆਬੇ ਦਾ ਅੰਤਮ ਸੰਸਕਾਰ ਜੁਲਾਈ ਵਿੱਚ ਟੋਕੀਓ ਦੇ ਇੱਕ ਮੰਦਰ ਵਿੱਚ ਬਹੁਤ ਕਰੀਬੀ ਲੋਕਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਅੱਜ ਉਨ੍ਹਾਂ ਦੇ ਸਰਕਾਰੀ ਅੰਤਿਮ ਸੰਸਕਾਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਤਾਂ ਜੋ ਵਿਸ਼ਵ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਇਸ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਆਸ-ਪਾਸ ਦੇ ਕਈ ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਜਾਂਦੇ ਦੇਖੇ ਗਏ। ਇਸ ਦੌਰਾਨ ਅੰਤਿਮ ਸੰਸਕਾਰ ਦੇ ਵਿਰਧ ਵਿਚ ਸੈਂਕੜੇ ਲੋਕਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਰੋਸ ਮਾਰਚ ਕੱਢਿਆ। ਇਸ ਦੌਰਾਨ ਕੁਝ ਲੋਕ ਢੋਲ ਵਜਾਉਂਦੇ ਤੇ ਕਈ ਰੌਲਾ ਪਾਉਂਦੇ ਨਜ਼ਰ ਆਏ। ਇਨ੍ਹਾਂ ਲੋਕਾਂ ਨੇ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਸਰਕਾਰੀ ਅੰਤਿਮ ਸੰਸਕਾਰ ਦੇ ਵਿਰੋਧ ਵਿਚ ਨਾਅਰੇ ਲਿਖੇ ਗਏ ਸਨ।