Home » ਖੇਡਾਂ ਵਤਨ ਪੰਜਾਬ ਦੀਆਂ ਦੇ ਰੂਪ ਵਿਚ ਸੂਬਾ ਸਰਕਾਰ ਨੇ ਸਿਰਜਿਆ ਇਤਿਹਾਸ – ਕੈਬਨਿਟ ਮੰਤਰੀ ਮੀਤ ਹੇਅਰ…
Home Page News India India News India Sports Sports Sports

ਖੇਡਾਂ ਵਤਨ ਪੰਜਾਬ ਦੀਆਂ ਦੇ ਰੂਪ ਵਿਚ ਸੂਬਾ ਸਰਕਾਰ ਨੇ ਸਿਰਜਿਆ ਇਤਿਹਾਸ – ਕੈਬਨਿਟ ਮੰਤਰੀ ਮੀਤ ਹੇਅਰ…

Spread the news

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਮੰਚ ਦੇ ਕੇ ਸੁਨਿਹਰੀ ਇਤਿਹਾਸ ਸਿਰਜਿਆ ਹੈ, ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਡ ਤੇ ਯੁਵਕ ਸੇਵਾਵਾਂ ਮੰਤਰੀ, ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਨੇ 22 ਅਕਤੂਬਰ ਤੱਕ ਰੋਇੰਗ ਅਤੇ ਕੈਕਿੰਗ ਕੈਨੋਇੰਗ ਦੀਆਂ ਸਤਲੁਜ ਦਰਿਆ ਦੇ ਕੰਢੇ ‘ਤੇ ਕਟਲੀ ਵੈਟਲੈਂਡ ‘ਤੇ ਕਰਵਾਈਆਂ ਜਾ ਰਹੀਆਂ ਸੂਬਾ ਪੱਧਰੀ ਖੇਡਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।  ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ 9.5 ਕਰੋੜ ਰੁਪਏ ਕਾਮਨਵੈਲਥ ਖੇਡਾਂ ਦੇ ਜੇਤੂਆਂ ਨੂੰ ਇਕ ਮਹੀਨੇ ਦੇ ਵਿਚ-ਵਿਚ ਦਿੱਤੇ ਗਏ ਹਨ। ਇਸੇ ਤਰ੍ਹਾਂ ਨੈਸ਼ਨਲ ਖੇਡਾਂ ਵਾਲਿਆਂ ਦਾ ਬਹੁਤ ਜਲਦ ਉਹਨਾਂ ਦੀ ਵਾਪਸੀ ਦੇ ਨਾਲ ਹੀ ਸਨਮਾਨ ਕੀਤਾ ਜਾਣਾ ਹੈ। ਮੁੱਖ ਮੰਤਰੀ ਦਾ ਇਕੋ ਸੁਫ਼ਨਾ ਹੈ ਕਿ ਪੰਜਾਬ ਨੂੰ ਖੇਡਾਂ ‘ਚ ਪਹਿਲੇ ਨੰਬਰ ‘ਤੇ ਲੈਕੇ ਆਉਣਾ ਹੈ। ਖੇਡ ਮੰਤਰੀ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਥਾਂ ਦਾ ਦੌਰਾ ਕੀਤਾ ਤਾਂ ਰੋਇੰਗ ਅਕੈਡਮੀ ਸਬੰਧੀ ਮੁਢਲੀਆਂ ਸਹੂਲਤਾਂ ਨਹੀਂ ਸਨ। ਇੱਥੇ ਨਾ ਹੀ ਪਖਾਨੇ ਸਨ ਤੇ ਨਾ ਹੀ ਚੇਂਜਿੰਗ ਰੂਮ ਸਨ ਤੇ ਇਹ ਸਹੂਲਤਾਂ ਪਹਿਲ ਦੇ ਅਧਾਰ ‘ਤੇ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਖੇਡਾਂ ਦਾ ਸਮਾਨ ਖਰੀਦਣ ਲਈ ਵੱਖਰਾ ਬਜਟ ਰੱਖਿਆ ਹੈ ਤੇ 50 ਲੱਖ ਰੁਪਏ ਦੇ ਕਰੀਬ ਦੀਆਂ ਕਿਸ਼ਤੀਆਂ ਵੀ ਜਲਦ ਰੂਪਨਗਰ ਨੂੰ ਦਿੱਤੀਆਂ ਜਾਣੀਆਂ ਹਨ। ਕਟਲੀ ਵੈਟਲੈਂਡ ਨੂੰ ਵਿਸ਼ਵ ਪੱਧਰੀ ਵਾਟਰ ਸਪੋਰਟਸ ਹਬ ਵਜੋਂ ਵਿਕਸਤ ਕੀਤਾ ਜਾਵੇਗਾ। ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਰੋਇੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵੈਟਲੈਂਡ ਵਿਖੇ ਨੈਸ਼ਨਲ ਸਟੈਂਡਰਡ ਕੋਰਸ ਸੈੱਟਅੱਪ ਉੱਤੇ ਇਹ ਖੇਡਾਂ ਹੋ ਰਹੀਆਂ ਹਨ। ਪਹਿਲਾਂ ਇਥੋਂ ਦੀ ਰੋਇੰਗ ਅਕੈਡਮੀ ਨੂੰ ਇਥੋਂ ਤਬਦੀਲ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਿਹਤਰ ਪ੍ਰਦਰਸ਼ਨ ਅਤੇ ਇਸ ਤਰਕਸੰਗਤ ਬਣਾਉਣ ਲਈ ਇਹ ਅਕੈਡਮੀ ਮੁੜ ਇਥੇ ਤਬਦੀਲ ਕੀਤੀ ਗਈ ਹੈ ਤੇ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਇੱਥੇ ਹੋਰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਏਥੇ ਕੌਮੀ ਤੇ ਕੌਮਾਂਤਰੀ ਮੁਕਾਬਲੇ ਵੀ ਕਰਵਾਏ ਜਾ ਸਕਣ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਆਨਲਾਈਨ ਰਜਿਟ੍ਰੇਸ਼ਨ ਨਾਲ ਇਹ ਪਤਾ ਲੱਗ ਗਿਆ ਹੈ ਕਿ ਕਿਸ ਜ਼ਿਲ੍ਹੇ ਵਿਚ ਕਿਹੜੀ ਖੇਡ ਦਾ ਰੁਝਾਨ ਵੱਧ ਹੈ। ਉਸ ਹਿਸਾਬ ਨਾਲ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕੌਮੀ ਪੱਧਰ ‘ਤੇ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ 08 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣੇ ਸ਼ੁਰੂ ਕੀਤੇ ਗਏ ਹਨ।  ਰੋਇੰਗ ਅਕੈਡਮੀ ਵਿਖੇ ਮੈੱਸਾਂ ਦੀ ਸਹੂਲਤ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਖੇਡ ਸੰਸਥਾਵਾਂ ਸਬੰਧੀ ਮੁੱਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਸਮੇਂ ਦੌਰਾਨ ਮੈੱਸਾਂ ਸਬੰਧੀ ਕਾਫ਼ੀ ਗੜਬੜ ਹੋਈ। ਇਸ ਲਈ ਮੈੱਸਾਂ ਸਬੰਧੀ ਸੁਧਾਰ ਕੀਤਾ ਜਾ ਰਿਹਾ ਹੈ ਤੇ ਇਸ ਮੈੱਸ ਸਬੰਧੀ ਦਿੱਕਤਾਂ ਵੀ ਦੂਰ ਕਰ ਦਿੱਤੀਆਂ ਜਾਣਗੀਆਂ। ਖੇਡ ਮੰਤਰੀ ਨੇ ਖੁਦ ਇਹ ਖੇਡ ਮੁਕਾਬਲੇ ਦੇਖੇ ਅਤੇ ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰੂਪਨਗਰ ਦੇ 10 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਨਾਲ ਇਨ੍ਹਾਂ ਖੇਡਾਂ ‘ਚ 03 ਲੱਖ ਦੇ ਕਰੀਬ ਪਾਰਟੀਸਿਪੇਸ਼ਨ ਪੂਰੇ ਸੂਬੇ ‘ਚ ਹੋਈ ਹੈ। 60 ਹਜ਼ਾਰ ਬੱਚੇ ਸੂਬਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ ਤੇ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਕਈ ਕਰੋੜ ਦੇ ਇਨਾਮ ਦਿੱਤੇ ਜਾਣੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਖੇਡ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਵਾਈ ਤੇ ਕਰੀਬ ਹਰ ਪਿੰਡ ਵਿਚੋਂ ਨੌਜਵਾਨਾਂ ਨੇ ਹਿੱਸਾ ਲਿਆ ਹੈ। ਨੌਜਵਾਨਾਂ ਨੇ ਮੁੜ ਖੇਡ ਸਭਿਆਚਾਰ ਨੂੰ ਆਪਣਾ ਲਿਆ ਹੈ। ਖੇਡ ਸਭਿਆਚਾਰ ਖਤਮ ਹੋਣ ਨਾਲ ਨਸ਼ੇ ਵੱਧ ਗਏ ਸਨ ਤੇ ਪੰਜਾਬ ਖੇਡਾਂ ਵਿਚ ਹੇਠਾਂ ਖਿਸਕ ਗਿਆ, ਜਿਹੜਾ ਕਦੇ ਪਹਿਲੇ ਨੰਬਰ ਉੱਤੇ ਹੁੰਦਾ ਸੀ। ਇਹਨਾਂ ਖੇਡਾਂ ਸਬੰਧੀ ਜਿਹੜੀਆਂ ਕਮੀਆਂ ਰਹੀਆਂ ਉਹ ਅਗਲੀ ਵਾਰ ਦੂਰ ਹੋ ਜਾਣਗੀਆਂ ਤੇ ਹਰ ਸਾਲ ਇਹ ਖੇਡਾਂ ਹੁੰਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਸਰਕਾਰ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ 25 ਫ਼ੀਸਦ ਜੀ.ਐਸ.ਟੀ. ਕੁਲੈਕਸ਼ਨ ਵਿਚ ਵਾਧਾ ਹੋਇਆ ਹੈ ਤੇ ਇਹ ਸਾਰਾ ਪੈਸਾ ਪੰਜਾਬ ਦੇ ਵਿਕਾਸ ਲਈ ਵਰਤਿਆ ਜਾਣਾ ਹੈ। ਪੰਜਾਬ ਦੇ ਨੌਜਵਾਨਾਂ ਵਿਚ ਹੁਨਰ ਬਹੁਤ ਹੈ। ਉਹਨਾਂ ਨੂੰ ਸਹੀ ਮੰਚ ਦੇਣ ਦੀ ਲੋੜ ਹੈ ਤੇ ਹੁਨਰ ਨਿਖਾਰਨ ਦੀ ਲੋੜ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਦਕਾ ਪਹਿਲੀ ਵਾਰ ਸਰਕਾਰ ਵੱਲੋਂ ਇੱਥੇ ਰੋਇੰਗ ਦੇ ਰਾਜ ਪੱਧਰੀ ਮੁਕਾਬਲੇ ਹੋ ਰਹੇ ਹਨ। ਰੂਪਨਗਰ ਨਹਿਰਾਂ ਤੇ ਦਰਿਆਵਾਂ ਦੀ ਧਰਤੀ ਹੈ ਪਰ ਪਿਛਲੇ ਸਾਲਾਂ ਵਿਚ ਇੱਥੇ ਵਾਟਰ ਸਪੋਰਟਸ ਵਿਕਸਤ ਨਹੀਂ ਕੀਤੀਆਂ ਗਈਆਂ। ਵਿਧਾਇਕ ਨੇ ਕਿਹਾ ਕਿ ਖੇਡ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਹ ਰੋਇੰਗ ਨੂੰ ਰੂਪਨਗਰ ਵਿਖੇ ਵਿਕਸਤ ਕਰਨਗੇ ਤੇ ਰੋਇੰਗ ਅਕੈਡਮੀ ਜਿਹੜੀ ਮੋਹਾਲੀ ਭੇਜ ਦਿੱਤੀ ਗਈ ਸੀ, ਉਹ ਰੂਪਨਗਰ ਲਿਆਂਦੀ ਗਈ ਤੇ ਅਕੈਡਮੀ ਲਈ 15 ਲੱਖ ਦੇ ਕੇ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ। ਖੇਡਾਂ ਵਤਨ ਪੰਜਾਬ ਦੀਆਂ ਵਿਚ ਰੂਪਨਗਰ ਨੇ ਬਹੁਤ ਵਧੀਆ ਸ਼ਮੂਲੀਅਤ ਰਹੀ ਹੈ ਤੇ ਸਰਕਾਰ ਲੋਕਾਂ ਨੂੰ ਮੁੜ ਖੇਡ ਮੈਦਾਨਾਂ ਨਾਲ ਜੋੜਨ ਵਿਚ ਕਾਮਯਾਬ ਹੋਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਗਰਗ, ਐੱਸ. ਡੀ. ਐੱਮ ਰੂਪਨਗਰ ਹਰਬੰਸ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਰੁਪੇਸ਼ ਕੁਮਾਰ,  ਪ੍ਰਭਜੀਵ ਸਿੰਘ ਸਕੱਤਰ ਜਨਰਲ ਕੈਕਿੰਗ ਕੈਨੋਇੰਗ ਐਸੋਸੀਏਸ਼ਨ, ਜਸਵੀਰ ਸਿੰਘ ਸਕੱਤਰ ਰੋਇੰਗ ਐਸੋਸੀਏਸ਼ਨ, ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਦੇ ਕੋਚ ਗੁਰਜਿੰਦਰ ਸਿੰਘ ਚੀਮਾ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।