ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਦੋ ਰੋਜ਼ਾ ਚਿੰਤਨ ਕੈਂਪ ਸ਼ੁਰੂ ਹੋ ਗਿਆ ਹੈ। ਸੂਰਜਕੁੰਡ ਵਿੱਚ ਲਗਾਏ ਜਾ ਰਹੇ ਇਸ ਚਿੰਤਨ ਕੈਂਪ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਿਰਕਤ ਕੀਤੀ। ਸ਼ਾਹ ਸਾਰੇ ਰਾਜਾਂ ਦੇ ਗ੍ਰਹਿ ਮੰਤਰੀਆਂ ਨਾਲ ਮੀਟਿੰਗ ਕਰਨਗੇ। 27 ਅਤੇ 28 ਜੁਲਾਈ ਨੂੰ ਹੋਣ ਵਾਲੇ ਚਿੰਤਨ ਸ਼ਿਵਿਰ ‘ਚ ਅਗਲੇ 25 ਸਾਲਾਂ ‘ਚ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਰੋਡਮੈਪ ‘ਤੇ ਚਰਚਾ ਹੋਵੇਗੀ। ਚਿੰਤਨ ਸ਼ਿਵਿਰ ‘ਚ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਸੰਵਿਧਾਨ ‘ਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੂਬੇ ਨੂੰ ਦਿੱਤੀ ਗਈ ਹੈ ਪਰ ਹੁਣ ਤਕਨਾਲੋਜੀ ਦੀ ਤਰੱਕੀ ਨਾਲ ਕਈ ਅਜਿਹੇ ਕਾਨੂੰਨ ਵੀ ਹੋਂਦ ‘ਚ ਆ ਗਏ ਹਨ, ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਮਨ-ਕਾਨੂੰਨ ਦੀ ਸਥਿਤੀ ਦਾ ਮਾਮਲਾ ਹੋਵੇ ਤਾਂ ਸੂਬੇ ਦੀ ਜ਼ਿੰਮੇਵਾਰੀ ਹੈ। ਅਜਿਹੇ ਸਮੇਂ ‘ਚ ਅਸੀਂ ਸਰਹੱਦਾਂ ਤੋਂ ਬਿਨਾਂ ਅਪਰਾਧ ਨਾਲ ਨਜਿੱਠਣ ‘ਚ ਤਾਂ ਹੀ ਸਫਲ ਹੋ ਸਕਦੇ ਹਾਂ, ਜਦੋਂ ਸਾਰੇ ਸੂਬੇ ਇਸ ਬਾਰੇ ਸੋਚਣ ਅਤੇ ਰਣਨੀਤੀ ਬਣਾਉਣ। ਸ਼ਾਹ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਲ 2024 ਤੱਕ ਹਰ ਸੂਬੇ ‘ਚ NIA ਦੀਆਂ ਸ਼ਾਖਾਵਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ‘ਚ 34 ਫ਼ੀਸਦੀ, ਸੁਰੱਖਿਆ ਬਲਾਂ ਦੀਆਂ ਮੌਤਾਂ ‘ਚ 64 ਫ਼ੀਸਦੀ ਅਤੇ ਨਾਗਰਿਕਾਂ ਦੀ ਮੌਤ ‘ਚ 90 ਫ਼ੀਸਦੀ ਕਮੀ ਆਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਰਾਜ ਸਰਕਾਰ ਗ੍ਰਹਿ ਸਕੱਤਰ ਬੀਪੀ ਗੋਪਾਲਿਕਾ ਜਾਂ ਰਾਜ ਦੇ ਡੀਜੀਪੀ (ਹੋਮ ਗਾਰਡ) ਮਨੋਜ ਮਾਲਵੀਆ ਨੂੰ ਵੀ ਚਿੰਤਨ ਸ਼ਿਵਿਰ ਲਈ ਨਹੀਂ ਭੇਜੇਗੀ। ਹਾਲਾਂਕਿ ਇਸ ਮੀਟਿੰਗ ਵਿੱਚ ਵਧੀਕ ਡਾਇਰੈਕਟਰ ਜਨਰਲ (ਹੋਮ ਗਾਰਡ) ਨੀਰਜ ਕੁਮਾਰ ਸਿੰਘ ਹਾਜ਼ਰ ਹਨ। ਜ਼ਿਕਰਯੋਗ ਹੈ ਕਿ ਸੀਐੱਮ ਮਮਤਾ ਬੈਨਰਜੀ ਕੋਲ ਪੱਛਮੀ ਬੰਗਾਲ ਦੇ ਗ੍ਰਹਿ ਮੰਤਰਾਲੇ ਦਾ ਚਾਰਜ ਵੀ ਹੈ।
ਇਸ ਤੋਂ ਇਲਾਵਾ ਦਿੱਲੀ ਵਿੱਚ ਪੱਛਮੀ ਬੰਗਾਲ ਦੇ ਸਥਾਨਕ ਕਮਿਸ਼ਨਰ ਰਾਮ ਦਾਸ ਮੀਨਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਨਾ ਆਉਣ ਲਈ ਮਮਤਾ ਬੈਨਰਜੀ ਦੇ ਰੁਝੇਵਿਆਂ ਦਾ ਹਵਾਲਾ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕਈ ਤਿਉਹਾਰਾਂ ਕਾਰਨ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸੂਬੇ ਤੋਂ ਬਾਹਰ ਜਾਣਾ ਸੰਭਵ ਨਹੀਂ ਹੈ। ਇਸੇ ਕਰਕੇ ਗ੍ਰਹਿ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਵੀ ਇਸ ਚਿੰਤਨ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ ਇਸ ਚਿੰਤਨ ਸ਼ਿਵਿਰ ਦੇ ਆਖਰੀ ਦਿਨ ਯਾਨੀ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਸਾਰੇ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਨਾਲ-ਨਾਲ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਅਤੇ ਪ੍ਰਸ਼ਾਸਕ ਵੀ ਮੌਜੂਦ ਹੋਣਗੇ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਠਕ ‘ਚ ਸਭ ਤੋਂ ਜ਼ਿਆਦਾ ਜ਼ੋਰ ਔਰਤਾਂ ਦੀ ਸੁਰੱਖਿਆ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਵਿੱਚ ਮਹਿਲਾ ਸ਼ਕਤੀ ਅਹਿਮ ਰੋਲ ਅਦਾ ਕਰੇਗੀ। ਇਸ ਦੇ ਲਈ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਜ਼ਰੂਰੀ ਹੈ।
– ਪੁਲਿਸ ਵਿੱਚ ਔਰਤਾਂ ਦੀ ਗਿਣਤੀ ਵਧਾਉਣ ਅਤੇ ਮਹਿਲਾ ਥਾਣਿਆਂ ਦੇ ਗਠਨ ਵਰਗੇ ਕਈ ਉਪਾਅ ਕੀਤੇ ਗਏ ਹਨ।
– ਦੇਸ਼ ਭਰ ਵਿੱਚ ਔਰਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
– ਰਾਜਾਂ ਵਿੱਚ ਇਸ ਲਈ ਇੱਕ ਕਾਰਜ ਯੋਜਨਾ ਤਿਆਰ ਕਰਨ ਅਤੇ ਇਸ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ।
– ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਹੈ।
– ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚਿੰਤਨ ਸ਼ਿਵਿਰ ਦਾ ਮਕਸਦ ਅੰਦਰੂਨੀ ਸੁਰੱਖਿਆ ਹੈ।
– ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਲਈ “ਵਿਜ਼ਨ 2047” ਅਤੇ “ਪੰਚ ਪ੍ਰਾਣ” ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕਰਨਾ। ਚਿੰਤਨ ਸ਼ਿਵਿਰ ਵਿੱਚ ਸਾਈਬਰ ਕ੍ਰਾਈਮ, ਡਰੱਗ ਤਸਕਰੀ, ਤੱਟਵਰਤੀ ਸੁਰੱਖਿਆ, ਦੇਸ਼ ਵਿੱਚ ਸਰਹੱਦੀ ਪ੍ਰਬੰਧਨ ਵਰਗੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ‘ਤੇ ਜ਼ੋਰ ਦਿੱਤਾ ਜਾਵੇਗਾ।