ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਡੋਨਾਲਡ ਟਰੰਪ ਵਲੋਂ ਤੀਜੀ ਵਾਰ ਵ੍ਹਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ। ਟਰੰਪ ਰਾਸ਼ਟਰਪਤੀ ਵਜੋਂ ਆਪਣੇ ਸ਼ਾਸਨ ਨਾਲ ਸਬੰਧਤ ਕਈ ਅਪਰਾਧਿਕ ਮਾਮਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਫਲੋਰੀਡਾ ਸਥਿਤ ਮਾਰ-ਏ-ਲਾਗੋ ਕਲੱਬ ਵਿੱਚ ਘੋਸ਼ਣਾ ਕੀਤੀ ਕਿ ਉਹ ਅਮਰੀਕਾ ਨੂੰ “ਫਿਰ ਤੋਂ ਮਹਾਨ” ਬਣਾਉਣ ਲਈ 2024 ਵਿੱਚ ਰਾਸ਼ਟਰਪਤੀ ਲਈ ਚੋਣਾਂ ਵਿਚ ਖੜ੍ਹੇ ਹੋਣਗੇ। ਇਸ ਗੱਲ ਦੀ ਸੰਭਾਵਨਾ ਹੈ ਕਿ ਟਰੰਪ (76) ਅਤੇ ਬਾਈਡੇਨ ਵਿਚਕਾਰ ਫਿਰ ਤੋਂ ਮੁਕਾਬਲਾ ਹੋ ਸਕਦਾ ਹੈ। ਪਾਮ ਬੀਚ ਸਥਿਤ ਮਾਰ-ਏ-ਲਾਗੋ ਕਲੱਬ ਵਿਚ ਅਮਰੀਕਾ 30 ਅਮਰੀਕੀ ਝੰਡਿਆਂ ਅਤੇ “ਮੇਕ ਅਮਰੀਕਾ ਗ੍ਰੇਟ ਅਗੇਨ” ਨਾਅਰੇ ਵਾਲੇ ਬੈਨਰ ਦੇ ਵਿਚਕਾਰ ਖੜੇ ਟਰੰਪ ਨੇ ਆਪਣੇ ਹਜ਼ਾਰਾਂ ਸਮਰਥਕਾਂ, ਕਲੱਬ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਮੈਂ ਅੱਜ ਅਮਰੀਕਾ ਦੇ ਰਾਸ਼ਟਰਪਤੀ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਰਿਹਾ ਹਾਂ। ਇਸ ਦੌਰਾਨ ਬਈਡੇਨ ਨੇ ਇੰਡੋਨੇਸ਼ੀਆ ਦੇ ਬਾਲੀ ਤੋਂ ਟਵੀਟ ਕੀਤਾ, ”ਡੋਨਾਲਡ ਟਰੰਪ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ।” ਬਾਈਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਨੇਤਾਵਾਂ ਨਾਲ ਜੀ-20 ਸਿਖ਼ਰ ਸੰਮੇਲਨ ‘ਚ ਹਿੱਸਾ ਲੈ ਰਹੇ ਹਨ। ਬਾਈਡੇਨ ਨੇ ਟਵਿੱਟਰ ‘ਤੇ 52-ਸਕਿੰਟ ਦੀ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਕਿ ਟਰੰਪ ਦੇ ਕਾਰਜਕਾਲ ਦੌਰਾਨ “ਅਮੀਰਾਂ ਲਈ ਅਰਥਵਿਵਸਥਾ ਵਿਚ ਧਾਂਦਲੀ” ਕੀਤੀ ਗਈ ਅਤੇ ਇਸ ਦੌਰਾਨ ਨੌਕਰੀਆਂ ਦੇ ਮਾਮਲੇ ਵਿਚ ਮੰਦੀ ਦੇ ਬਾਅਦ ਸਭ ਤੋਂ ਖ਼ਰਾਬ ਸਥਿਤੀ ਰਹੀ। ਉਨ੍ਹਾਂ ਨੇ 6 ਜਨਵਰੀ, 2021 ਨੂੰ ਅਮਰੀਕੀ ਕੈਪੀਟਲ (ਸੰਸਦ ਕੰਪਲੈਕਸ) ਵਿਚ ਹੋਈ ਹਿੰਸਾ ਦਾ ਸਪਸ਼ਟ ਰੂਪ ਨਾਲ ਜ਼ਿਕਰ ਕਰਦੇ ਹੋਏ ਦੋਸ਼ ਲਗਾਇਆ ਕਿ ਟਰੰਪ ਨੇ ‘ਭੜਕੀ ਭੀੜ ਨੂੰ ਭੜਕਾਇਆ’, ‘ਕੱਟੜਪੰਥੀਆਂ ਨੂੰ ਉਤਸ਼ਾਹਿਤ ਕੀਤਾ’ ਅਤੇ ‘ਔਰਤਾਂ ਦੇ ਅਧਿਕਾਰਾਂ ‘ਤੇ ਹਮਲਾ ਕੀਤਾ’। ਟਰੰਪ ਵੱਲੋਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਨੂੰ ਸਵੀਕਾਰ ਨਾ ਕਰਨ ਅਤੇ ਉਨ੍ਹਾਂ ਦੇ ਕਥਿਤ ਭੜਕਾਊ ਭਾਸ਼ਣਾਂ ਦੇ ਵਿਚਕਾਰ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ, 2021 ਨੂੰ ਕੈਪੀਟਲ ਕੰਪਲੈਕਸ ਵਿੱਚ ਕਥਿਤ ਤੌਰ ‘ਤੇ ਹਿੰਸਾ ਕੀਤੀ ਸੀ।