ਕ੍ਰਾਈਮ ਬ੍ਰਾਂਚ 2 ਦੀ ਟੀਮ ਨੇ ਹੈਰੋਇਨ ਦੀ ਤਸਕਰੀ ਦੇ ਮਾਮਲੇ ‘ਚ ਕਬੀਰ ਨਗਰ ਦੇ ਵਾਸੀ ਚੁੰਨ-ਮੁੰਨ ਕੁਮਾਰ ਗੁਪਤਾ ਉਰਫ ਗੋਲੂ ਅਤੇ ਗਿਆਸਪੁਰਾ ਦੇ ਵਾਸੀ ਸ਼ਿਵ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੋਲੂ ਦੇ ਕਬਜ਼ੇ ‘ਚੋਂ 50 ਗ੍ਰਾਮ ਹੈਰੋਇਨ ਅਤੇ ਸ਼ਿਵ ਯਾਦਵ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦਿਆਂ ਤੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਅਤੇ ਕਰਾਈਮ ਬਰਾਂਚ 2ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਹੈਰੋਇਨ ਦੀ ਤਸਕਰੀ ਕਰਦੇ ਹਨ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਚੁੰਨ ਮੁੰਨ ਕੁਮਾਰ ਗੁਪਤਾ ਉਰਫ ਗੋਲੂ ਦੀ ਸਕਾਰਪੀਓ ਗੱਡੀ ਉਪਰ ਪੁਲਿਸ ਦਾ ਸਟੀਕਰ ਵੀ ਲੱਗਾ ਹੋਇਆ । ਕ੍ਰਾਈਮ ਬਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਸ ਵੇਲੇ ਵੀ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਅਰੋੜਾ ਪੈਲੇਸ ਕੱਟ ਦੇ ਕੋਲ ਨਾਕਾਬੰਦੀ ਕਰਕੇ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਤਲਾਸ਼ੀ ਦੇ ਦੌਰਾਨ ਮੁਲਜ਼ਮ ਗੋਲੂ ਦੇ ਕਬਜ਼ੇ ਤੋਂ 20 ਗ੍ਰਾਮ ਅਤੇ ਸ਼ਿਵ ਯਾਦਵ ਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਜਦ ਮੁਲਜ਼ਮ ਗੋਲੂ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ‘ਤੇ ਇੱਕ ਸਕਾਰਪੀਓ ਕਾਰ ਬਰਾਮਦ ਕੀਤੀ ਗਈ। ਬੇਅੰਤ ਜੁਨੇਜਾ ਨੇ ਦੱਸਿਆ ਕਿ ਕਾਰ ਉਪਰ ਪੁਲਿਸ ਦਾ ਸਟੀਕਰ ਲਗਾ ਹੋਇਆ। ਤਲਾਸ਼ੀ ਦੇ ਦੌਰਾਨ ਕਾਰ ‘ਚੋਂ 30 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਗੋਲੂ ਦੇ ਕਬਜ਼ੇ ‘ਚੋਂ ਦੋ ਸੋਨੇ ਦੀਆਂ ਮੁੰਦਰੀਆਂ, ਬੁਲੇਟ ਮੋਟਰਸਾਈਕਲ, 35 ਖਾਲੀ ਲਿਫ਼ਾਫੇ, ਇਲੈਕਟ੍ਰਾਨਿਕ ਕੰਡਾ ਅਤੇ ਇਹ 97 ਹਜ਼ਾਰ 860 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ। ਮੁੱਢਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਗੋਲੂ ਦੇ ਖਿਲਾਫ 12 ਅਕਤੂਬਰ 2022 ਨੂੰ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਡਵੀਜ਼ਨ ਨੰਬਰ 8 ਵਿਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ਮੁਕੱਦਮੇ ਵਿੱਚ ਉਹ 20 ਅਕਤੂਬਰ ਨੂੰ ਜ਼ਮਾਨਤ ‘ਤੇ ਬਾਹਰ ਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਖਿਲਾਫ ਐੱਫਆਈਆਰ ਦਰਜ ਕਰ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।