ਥਾਣਾ ਮਾਹਿਲਪੁਰ ਅਧੀਨ ਪੈਂਦੇ ਇੱਕ ਪਿੰਡ ਦੀ ਮੰਦਬੁੱਧੀ ਲੜਕੀ ਨਾਲ ਪਿੰਡ ਦੇ ਹੀ ਇੱਕ 65 ਸਾਲਾ ਬਜ਼ੁਰਗ ਵੱਲੋਂ ਲਗਾਤਾਰ ਜਬਰ ਜਨਾਹ ਕੀਤਾ ਗਿਆ ਜਿਸ ਨੇ ਉਸ ਨੂੰ ਅੱਠ ਮਹੀਨਿਆਂ ਦੀ ਗਰਭਵਤੀ ਬਣਾ ਦਿੱਤਾ। ਥਾਣਾ ਪੁਲਿਸ ਮਾਹਿਲਪੁਰ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨੇੜਲੇ ਪਿੰਡ ਦੀ ਇੱਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਤਿੰਨੇ ਹੀ ਮੰਦਬੁੱਧੀ ਹਨ। ਉਸ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਦਾ ਉਸ ਦੇ ਘਰ ਆਉਣਾ-ਜਾਣਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਕਿਸੇ ਕੰਮ ਲਈ ਬਾਹਰ ਜਾਂਦੀ ਸੀ ਤਾਂ ਪਿੰਡ ਦਾ ਹੀ ਇੱਕ 65 ਸਾਲਾ ਬਜ਼ੁਰਗ ਉਸ ਦੇ ਘਰ ਆ ਜਾਂਦਾ ਸੀ। ਉਸ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਨੇ ਉਸ ਦੀ 19 ਸਾਲਾ ਵੱਡੀ ਲੜਕੀ ਜੋ ਕਿ ਮੰਦਬੁੱਧੀ ਹੈ, ਨਾਲ ਲਗਾਤਾਰ ਜਬਰ ਜਨਾਹ ਕਰਦਾ ਰਿਹਾ ਅਤੇ ਉਸ ਦੇ ਮੰਦਬੁੱਧੀ ਹੋਣ ਦਾ ਫਾਇਦਾ ਉਠਾ ਕੇ ਉਸ ਨੂੰ ਧਮਕੀਆਂ ਦਿੰਦਾ ਸੀ। ਉਸ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਅਚਾਨਕ ਉਸ ਦੀ ਲੜਕੀ ਦੀ ਤਬੀਅਤ ਵਿਗੜ ਗਈ । ਇਸ ਲਈ ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਉਸ ਨੇ ਦੱਸਿਆ ਕਿ ਜਦੋਂ ਸਿਵਲ ਹਸਪਤਾਲ ਮਾਹਿਲਪੁਰ ਦੇ ਡਾਕਟਰਾਂ ਨੇ ਉਸ ਦੀ ਸਕੈਨਿੰਗ ਕਰਵਾਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਦੱਸਿਆ ਕਿ ਉਸਦੀ ਲੜਕੀ 8 ਮਹੀਨੇ ਦੀ ਗਰਭਵਤੀ ਸੀ। ਉਸ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਪਿੰਡ ਦੇ ਕਥਿਤ ਦੋਸ਼ੀ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਥਾਣਾ ਮਾਹਿਲਪੁਰ ਦੀ ਪੁਲੀਸ ਨੇ ਪਾਲੀ ਤੰਬੜ ਪੁੱਤਰ ਜੁਗਿੰਦਰ ਸਿੰਘ ਵਾਸੀ ਹਵੇਲੀ ਥਾਣਾ ਮਾਹਿਲਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।