Home » ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਲਈ ਪੰਜਾਬ ਸਰਕਾਰ ਦੀ ਕੌਮੀ ਇਨਸਾਫ਼ ਮੋਰਚੇ ਨੇ ਕੀਤੀ ਸਖ਼ਤ ਨਿੰਦਿਆ…
Home Page News India India News

ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਲਈ ਪੰਜਾਬ ਸਰਕਾਰ ਦੀ ਕੌਮੀ ਇਨਸਾਫ਼ ਮੋਰਚੇ ਨੇ ਕੀਤੀ ਸਖ਼ਤ ਨਿੰਦਿਆ…

Spread the news

ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਵੱਲੋਂ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਸਬਦਾਂ ਵਿਚ ਨਿੰਦਿਆ ਕੀਤੀ ਅਤੇ ਮੋਰਚੇ ਵਿਚ ਫੁੱਟ ਦੀਆਂ ਅਫਵਾਹਾਂ ਦਾ ਖੰਡਨ ਕੀਤਾ। ਪ੍ਰੈੱਸ ਨਾਲ ਗੱਲ ਕਰਦਿਆਂ   ਸ. ਗੁਰਚਰਨ ਸਿੰਘ ਨੇ ਕਿਹਾ ਕਿ ਤਾਲਮੇਲ ਕਮੇਟੀ ਮੈਂਬਰ ਬਲਵਿੰਦਰ ਸਿੰਘ ਮੋਰਚੇ ਵਿਚ ਕੰਮ ਕਰ ਰਹੇ ਹਨ । 

ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਖਿਲਾਫ਼ ਦਿੱਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ   ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕੌਮੀ ਇਨਸਾਫ਼ ਮੋਰਚਾ ਸ਼ਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗਾ ।

ਗੁਰਚਰਨ ਸਿੰਘ ਨੇ ਦੱਸਿਆ ਕਿ ਮੋਰਚੇ ਦੀ ਮਜ਼ਬੂਤੀ ਲਈ 9 ਆਗੂਆਂ ਦੀ ਅਗਵਾਈ ਵਿੱਚ 9 ਪ੍ਰਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ।  ਜਿਨ੍ਹਾਂ ਵਿਚ ਬਲਵਿੰਦਰ ਸਿੰਘ ਕਿਸਾਨ ਅਤੇ ਮਜ਼ਦੂਰ ਆਗੂਆਂ ਨਾਲ ਤਾਲਮੇਲ ਕਰਨਗੇ, ਗੁਰਦੀਪ ਸਿੰਘ ਬਠਿੰਡਾ ਧਾਰਮਿਕ ਆਗੂਆਂ ਨਾਲ ਮਿਲ ਕੇ ਸਹਿਯੋਗ ਲੈਣਗੇ। ਇਸੇ ਤਰਾਂ ਪਾਲ ਸਿੰਘ ਫਰਾਂਸ, ਨਿਹੰਗ ਸਿੰਘ ਰਾਜਾ ਰਾਜ ਸਿੰਘ ,  ਗੁਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਭੋਗਪੁਰ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਸੰਗਤਾਂ ਅਤੇ ਆਗੂਆਂ ਨੂੰ ਪ੍ਰੇਰ ਕੇ ਮੋਰਚੇ ਵਿਚ ਲਿਆਉਣ ਦਾ ਉਪਰਾਲਾ ਕਰਨਗੇ। ਹਰਿਆਣਾ ਦੀ ਜਿੰਮੇਵਾਰੀ ਬਾਬਾ ਗੁਰਮੀਤ ਸਿੰਘ ਡਾਚਰ, ਹਰਪਾਲ ਸਿੰਘ ਜਲਮਾਨਾ  ਸੰਭਾਲਣਗੇ। ਦਿੱਲੀ ਵਿੱਚ ਗੁਰਦੀਪ ਸਿੰਘ ਮਿੰਟੂ ਸੰਗਤਾਂ ਨਾਲ ਮੇਲ ਜੋਲ ਕਰਕੇ ਸੰਗਤਾਂ ਦਾ ਸਹਿਯੋਗ ਲੈਣਗੇ। 

 ਉਨ੍ਹਾਂ ਨੇ ਮੋਰਚੇ ਵਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ 23 ਮਾਰਚ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਵਿੱਚ ਪੇਸ਼ੀ ਉਤੇ ਲਿਆਂਦਾ ਜਾਵੇ ਅਤੇ ਵਾਹਦੇ ਅਨੁਸਾਰ ਉਨਾਂ ਦੀ ਪੰਜਾਬ ‘ਚ ਜੇਲ੍ਹ ਬਦਲੀ ਕੀਤੀ ਜਾਵੇ । 

ਮੋਰਚੇ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੰਜਾਬ ਸਰਕਾਰ ਜੱਥੇਦਾਰ ਨੂੰ ਅਦਾਲਤ ‘ਚ ਪੇਸ਼ ਨਹੀਂ ਕਰਦੀ ਅਤੇ ਬਾਕੀ ਮੰਗਾਂ ਉਤੇ ਸੁਹਿਰਦਤਾ ਨਾਲ ਕਾਰਵਾਈ ਨਹੀਂ ਕਰਦੀ ਤਾਂ ਸਿੱਖ ਆਗੂਆਂ , ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ ,  ਕਿਸਾਨ – ਮਜ਼ਦੂਰ ਆਗੂਆਂ ਅਤੇ ਸਰਪੰਚ ਯੂਨੀਅਨ ਨਾਲ ਗੱਲਬਾਤ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਬਾਪੂ ਗੁਰਚਰਨ ਸਿੰਘ ਦੇ ਨਾਲ ਐਡਵੋਕੇਟ ਅਮਰ ਸਿੰਘ ਚਾਹਲ, ਨਿਹੰਗ ਜੱਥੇਦਾਰ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ , ਐਡਵੋਕੇਟ ਦਿਲਸ਼ੇਰ ਸਿੰਘ, ਬਲਜੀਤ ਸਿੰਘ ਭਾਊ, ਜਸਵਿੰਦਰ ਸਿੰਘ ਰਾਜਪੂਰਾ ਅਤੇ ਬਲਵਿੰਦਰ ਸਿੰਘ ਮੋਜੂਦ ਸਨ।

  20 March, 2023