ਲਗਭਗ ਦੋ ਸਾਲ ਬਾਅਦ ਆਰਸੀਬੀ ਦੀ ਕਪਤਾਨੀ ਕਰਨ ਉਤਰੇ ਵਿਰਾਟ ਕੋਹਲੀ ਤੇ ਫਾਫ ਡੁ ਪਲੇਸਿਸ ਦੀ ਜੋੜੀ ਨੇ ਮੋਹਾਲੀ ਦੇ ਮੈਦਾਨ ‘ਤੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕੀਤੀ। ਵਿਰਾਟ ਤੇ ਫਾਫ ਦੀ ਸਲਾਮੀ ਜੋੜੀ ਨੇ ਆਈਪੀਐੱਲ ਦੇ ਮੌਜੂਦਾ ਸੈਸ਼ਨ ਵਿਚ ਦੂਜੀ ਵਾਰ ਸੈਂਕੜੇ ਵਾਲੀ ਭਾਈਵਾਲੀ ਕਰ ਕੇ ਆਰਸੀਬੀ ਲਈ ਜਿੱਤ ਦੀ ਨੀਂਹ ਰੱਖੀ। ਕੋਹਲੀ ਤੇ ਫਾਫ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਚਿੱਟੀ ਗੇਂਦ ਦੀ ਕ੍ਰਿਕਟ ਵਿਚ ਭਾਰਤ ਦੇ ਨੰਬਰ ਇਕ ਗੇਂਦਬਾਜ਼ ਮੁਹੰਮਦ ਸਿਰਾਜ ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਆਰਸੀਬੀ ਨੇ ਵੀਰਵਾਰ ਨੂੰ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਤੀਜੀ ਜਿੱਤ ਦਰਜ ਕੀਤੀ।
ਵਿਰਾਟ ਤੇ ਫਾਫ ਦੀ ਜੋੜੀ ਆਈਪੀਐੱਲ ਦੇ ਮੌਜੂਦਾ ਸੈਸ਼ਨ ਵਿਚ ਸਭ ਤੋਂ ਕਾਮਯਾਬ ਜੋੜੀ ਹੈ ਤੇ ਆਰਸੀਬੀ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਜੋੜੀ ਨੇ ਹੁਣ ਤਕ ਛੇ ਮੈਚਾਂ ਵਿਚ 473 ਦੌੜਾਂ ਬਣਾਈਆਂ ਹਨ। ਮੁੰਬਈ ਖ਼ਿਲਾਫ਼ ਪਹਿਲੇ ਹੀ ਮੁਕਾਬਲੇ ਵਿਚ ਵਿਰਾਟ ਤੇ ਫਾਫ ਨੇ 148 ਦੌੜਾਂ ਦੀ ਭਾਈਵਾਲੀ ਕੀਤੀ ਸੀ। ਆਰਸੀਬੀ ਨੇ ਹੁਣ ਤਕ ਜਿੰਨੇ ਮੈਚ ਜਿੱਤੇ ਹਨ ਉਨ੍ਹਾਂ ਵਿਚ ਇਸ ਜੋੜੀ ਦਾ ਅਹਿਮ ਯੋਗਦਾਨ ਰਿਹਾ ਹੈ। ਸਿਰਫ਼ ਸੀਐੱਸਕੇ ਖ਼ਿਲਾਫ਼ ਮੈਚ ਵਿਚ ਇਹ ਜੋੜੀ ਨਾਕਾਮ ਰਹੀ। ਬਾਕੀ ਪੰਜ ਮੈਚਾਂ ਵਿਚ ਇਸ ਜੋੜੀ ਨੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ। ਚਾਹੇ ਟੀਮ ਨੇ ਲਖਨਊ ਤੇ ਕੇਕੇਆਰ ਖ਼ਿਲਾਫ਼ ਹਾਰ ਸਹਿਣ ਕੀਤੀ ਪਰ ਵਿਰਾਟ ਤੇ ਫਾਫ ਨੇ ਦੋਵਾਂ ਮੈਚਾਂ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ। ਮੋਹਾਲੀ ਵਿਚ ਵੀਰਵਾਰ ਨੂੰ ਪੰਜਾਬ ਖ਼ਿਲਾਫ਼ ਫਾਫ ਤੇ ਵਿਰਾਟ ਨੇ ਹਰ ਗੇਂਦਬਾਜ਼ ਦਾ ਚੰਗਾ ਕੁਟਾਪਾ ਚਾੜਿ੍ਹਆ। ਦੋਵਾਂ ਵਿਚਾਲੇ 137 ਦੌੜਾਂ ਦੀ ਭਾਈਵਾਲੀ ਹੋਈ ਜਿਸ ਦੇ ਦਮ ‘ਤੇ ਆਰਸੀਬੀ ਨੇ ਤੈਅ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 174 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਪੰਜਾਬ ਕਿੰਗਜ਼ ਦੀ ਟੀਮ 18.2 ਓਵਰਾਂ ਵਿਚ 150 ਦੌੜਾਂ ‘ਤੇ ਆਊਟ ਹੋ ਗਈ। ਬੈਂਗਲੁਰੂ ਵੱਲੋਂ ਗੇਂਦਬਾਜ਼ੀ ਕਰਦਿਆਂ ਮੁਹੰਮਦ ਸਿਰਾਜ ਨੇ ਆਪਣੇ ਕੋਟੇ ਦੇ ਚਾਰ ਓਵਰਾਂ ਵਿਚ 21 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।