ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ 39 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਖ਼ਿਲਾਫ਼ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ, ਰੌਜ਼ ਐਵੀਨਿਊ ਜ਼ਿਲ੍ਹਾ ਅਦਾਲਤ, ਦਿੱਲੀ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿੱਚ ਹੋਈ ਹਿੰਸਾ ਨਾਲ ਕਾਂਗਰਸੀ ਆਗੂ ਨੂੰ ਜੋੜਨ ਵਾਲੇ ਨਵੇਂ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ ਉਸ ਦਾ ਨਾਂ ਸ਼ਾਮਲ ਕੀਤਾ ਹੈ।
ਪਿਛਲੇ ਮਹੀਨੇ, ਸੀਬੀਆਈ ਨੇ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦੀ ਮੌਤ ਦੇ ਨਤੀਜੇ ਵਜੋਂ ਹੋਈ ਹਿੰਸਾ ਦੇ ਸਬੰਧ ਵਿੱਚ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਨਮੂਨੇ ਇਕੱਠੇ ਕੀਤੇ ਸਨ। ਉਸ ‘ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਹੈ ਜਿਸ ਕਰਕੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ।
ਸੀ.ਬੀ.ਆਈ. ਦੀ ਜਾਂਚ ਦੌਰਾਨ, ਸਬੂਤ ਸਾਹਮਣੇ ਆਏ ਕਿ 1 ਨਵੰਬਰ 1984 ਨੂੰ, ਦੋਸ਼ੀ ਨੇ ਕਥਿਤ ਤੌਰ ‘ਤੇ ਆਜ਼ਾਦ ਮਾਰਕਿਟ, ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿਖੇ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ । ਇਸ ਕਾਰਨ ਗੁਰਦੁਆਰਾ ਪੁਲ ਬੰਗਸ਼ ਨੂੰ ਸਾੜ ਦਿੱਤਾ ਗਿਆ, ਤਿੰਨ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ। ਭੀੜ ਦੁਆਰਾ ਸਿੱਖ ਵਿਅਕਤੀਆਂ ਦੀ ਹੱਤਿਆ ਦੇ ਨਾਲ ਉੱਥੇ ਦੁਕਾਨਾਂ ਨੂੰ ਸਾੜਿਆ ਅਤੇ ਲੁਟਿਆ ਵੀਂ ਗਿਆ ਸੀ ।
ਇਸ ਮਾਮਲੇ ਦੀ ਜਾਂਚ ਦੇ ਸ਼ੁਰੂ ਵਿਚ, ਕਾਂਗਰਸੀ ਆਗੂ ਨੇ ਜਦੋਂ ਉਸ ਦੀ ਆਵਾਜ਼ ਦੇ ਨਮੂਨੇ ਨੂੰ ਇਕੱਠਾ ਕਰਨ ਲਈ ਸੰਮਨ ਭੇਜੇ ਗਏ ਤਾਂ ਉਸ ‘ਤੇ ਲੱਗੇ ਦੋਸ਼ਾਂ ਨੂੰ ਓਸਨੇ ਖਾਰਜ ਕਰ ਦਿੱਤਾ ਸੀ ।
ਅਵਾਜ਼ ਦਾ ਨਮੂਨਾ ਸਰਦਾਰ ਮਨਜੀਤ ਸਿੰਘ ਜੀਕੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਅਤੇ ਜਾਗੋ ਪਾਰਟੀ ਦੇ ਮੌਜੂਦਾ ਪ੍ਰਧਾਨ ਵਲੋਂ ਇਕ ਸਟਿੰਗ ਟੇਪ ਦੇ ਜਾਰੀ ਹੋਣ ਤੋਂ ਬਾਅਦ ਲਿਆ ਗਿਆ ਸੀ ਜਿਸ ਵਿੱਚ ਟਾਈਟਲਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਸਿੱਖਾਂ ਦੀ ਹੱਤਿਆ ਕਰਨ ਦਾ ਇਕਬਾਲ ਕਰਦੇ ਸੁਣਿਆ ਗਿਆ ਸੀ। ਇਸ ਤੋਂ ਪਹਿਲਾਂ 2002 ਵਿੱਚ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਵੀਂ ਟਾਈਟਲਰ ਦਾ ਜ਼ਿਕਰ ਕੀਤਾ ਗਿਆ ਸੀ।