Home » ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (21-5-2023)…
Home Page News India Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (21-5-2023)…

Spread the news

Amrit vele da Hukamnama Sri Darbar Sahib, Sri Amritsar, Ang 809, 21-05-2023


ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥

ਪਦਅਰਥ: ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ। ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ।੧।ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ! ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ।੧।ਰਹਾਉ।ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ = ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ। ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ।੨।ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ = ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ। ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ = ਮੰਦ। ਧਨੀਤਾ = ਧਨੀ, ਧਨਾਢ।੩। ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ। ਦਰ ਸਰੀਤਾ = ਦਰ ਦਾ ਗ਼ੁਲਾਮ।੪।

ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ।ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧।(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨।(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩। (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।