ਬਾਲੇਸ਼ਵਰ ‘ਚ ਦੋ ਜੂਨ ਨੂੰ ਵਾਪਰੇ ਰੇਲ ਹਾਦਸੇ ਦੀ ਜਾਂ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ 10 ਮੈਂਬਰੀ ਟੀਮ ਇਸ ਸਮੇਂ ਉਡੀਸ਼ਾ ਵਿਚ ਹੈ, ਨੇ ਮੰਗਲਵਾਰ ਨੂੰ ਟ੍ਰੈਕ ਅਤੇ ਸਿਗਨਲ ਰੂਮ ਦਾ ਮੁਆਇਨਾ ਕੀਤਾ ਅਤੇ ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ‘ਤੇ ਤਾਇਨਾਤ ਰੇਲਵੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਜਾਂਚ ਸੀਬੀਆਈ ਨੂੰ ਕਰਨ ਦੀ ਸਿਫਾਰਿਸ਼ ਕੀਤੀ ਸੀ। ਦੋ ਪੈਸੰਜਰ ਟਰੇਨਾਂ ਅਤੇ ਇਕ ਮਾਲਗੱਡੀ ਦੇ ਹਾਦਸੇ ਵਿਚ ਕੁੱਲ 278 ਲੋਕਾਂ ਦੀ ਜਾਨ ਚਲੀ ਗਈ ਅਤੇ ਲਗਭਗ 1200 ਲੋਕ ਜ਼ਖ਼ਮੀ ਹੋ ਗਏ। ਫੋਰੈਂਸਿਕ ਟੀਮ ਨੇ ਸੀਬੀਆਈ ਅਧਿਕਾਰੀਆਂ ਦੇ ਨਾਲ ਸਿਗਨਲ ਰੂਪ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ-ਵੱਖ ਉਪਕਰਨਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗਾਂ ਬਾਰੇ ਪੁੱਛਗਿੱਛ ਕੀਤੀ। ਸੀਬੀਆਈ ਦੁਰਘਟਨਾ ਦੀ ਅਪਰਾਧਿਕ ਪਹਿਲੂ ਤੋਂ ਜਾਂਚ ਕਰੇਗੀ ਕਿਉਂਕਿ ਰੇਲਵੇ ਨੇ ਇਸ ਹਾਦਸੇ ਪਿੱਛੇ ਭੰਨਤੋੜ ਜਾਂ ਬਾਹਰੀ ਦਖਲਅੰਦਾਜ਼ੀ ਦਾ ਸ਼ੱਕ ਪ੍ਰਗਟਾਇਆ ਹੈ। ਖੁਰਦਾ ਰੋਡ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (DRM) ਰਿੰਕੇਸ਼ ਰਾਏ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਿਗਨਲ ਸਿਸਟਮ ਨਾਲ ਛੇੜਛਾੜ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਘਟਨਾ ਦੇ ਇਕ ਦਿਨ ਬਾਅਦ ਯਾਨੀ 3 ਜੂਨ ਨੂੰ ਕੇਂਦਰੀ ਏਜੰਸੀ ਨੇ ਉਡੀਸ਼ਾ ਪੁਲਿਸ ਦੁਆਰਾ ਬਾਲੇਸ਼ਵਰ ਸਰਕਾਰੀ ਰੇਲਵੇ ਪੁਲਿਸ ਸਟੇਸ਼ਨ ‘ਚ ਦਰਜ ਐੱਫਆਈਆਰ ਨੰਬਰ 64 ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ।
ਦੱਖਣ ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਚੌਧਰੀ ਨੇ ਕਿਹਾ, “ਸੀਬੀਆਈ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ। ਉਹ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਰੇਲਵੇ ਇਸ ਵਿੱਚ ਪੂਰਾ ਸਹਿਯੋਗ ਕਰੇਗਾ। ਰੇਲਵੇ ਸੁਰੱਖਿਆ ਦੇ ਮੁੱਖ ਕਮਿਸ਼ਨਰ (ਦੱਖਣੀ ਪੂਰਬੀ ਖੇਤਰ) ਸ਼ੈਲੇਸ਼ ਕੁਮਾਰ ਪਾਠਕ ਨੇ ਸੋਮਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਆਪਣੀ ਜਾਂਚ ਦੇ ਹਿੱਸੇ ਵਜੋਂ ਹਾਦਸੇ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਸੀਬੀਆਈ ਅਤੇ ਸੀਸੀਆਰਐੱਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਬਾਲਾਸੋਰ ਜੀਆਰਪੀ ਨੇ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਹੈ ਅਤੇ ਉਹ ਹਾਦਸੇ ਦੀ ਵੀ ਜਾਂਚ ਕਰ ਰਹੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ 2 ਜੂਨ ਨੂੰ ਸ਼ਾਮ ਕਰੀਬ 7 ਵਜੇ, ਹਾਵੜਾ ਨੇੜੇ ਸ਼ਾਲੀਮਾਰ ਤੋਂ ਚੇਨਈ ਸੈਂਟਰਲ ਜਾ ਰਹੀ ਕੋਰੋਮੰਡਲ ਐੱਕਸਪ੍ਰੈੱਸ ਬਹਿੰਗਾ ਬਾਜ਼ਾਰ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ, ਜਿਸ ਨਾਲ ਇਸ ਦੇ ਜ਼ਿਆਦਾਤਰ ਡੱਬੇ ਪਟੜੀ ਤੋਂ ਉਤਰ ਗਏ। ਇਸ ਦੇ ਨਾਲ ਹੀ ਦੂਜੇ ਪਾਸੇ ਤੋਂ ਲੰਘ ਰਹੀ ਬੈਂਗਲੁਰੂ-ਹਾਵੜਾ ਐੱਕਸਪ੍ਰੈੱਸ ਦੇ ਪਿਛਲੇ ਕੁਝ ਡੱਬੇ ਵੀ ਕੋਰੋਮੰਡਲ ਐੱਕਸਪ੍ਰੈੱਸ ਦੀਆਂ ਪਟੜੀ ਤੋਂ ਉਤਰੀਆਂ ਬੋਗੀਆਂ ਨਾਲ ਟਕਰਾ ਗਏ। ਹਾਦਸੇ ‘ਚ ਮਾਰੇ ਗਏ 278 ਲੋਕਾਂ ‘ਚੋਂ 177 ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।