Home » ਬਾਇਡਨ ਵੱਲੋਂ ਜਿਨਪਿੰਗ ਨੂੰ ਤਾਨਾਸ਼ਾਹ ਦੱਸਣ ’ਤੇ ਭੜਕਿਆ ਚੀਨ, ਬਲਿੰਕਨ ਦੀ ਚੀਨ ਯਾਤਰਾ ਦਰਮਿਆਨ ਬਾਇਡਨ ਨੇ ਗਰਮਾਇਆ ਮਾਹੌਲ…
Home Page News India World World News

ਬਾਇਡਨ ਵੱਲੋਂ ਜਿਨਪਿੰਗ ਨੂੰ ਤਾਨਾਸ਼ਾਹ ਦੱਸਣ ’ਤੇ ਭੜਕਿਆ ਚੀਨ, ਬਲਿੰਕਨ ਦੀ ਚੀਨ ਯਾਤਰਾ ਦਰਮਿਆਨ ਬਾਇਡਨ ਨੇ ਗਰਮਾਇਆ ਮਾਹੌਲ…

Spread the news

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਚੀਨ ਯਾਤਰਾ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਦੱਸ ਕੇ ਮਾਹੌਲ ਨੂੰ ਫਿਰ ਗਰਮਾ ਦਿੱਤਾ ਹੈ। ਚੀਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੀਨੀ ਆਗੂ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਦੱਸਣ ਨੂੰ ਬੇਹੱਦ ਬੇਤੁਕਾ ਤੇ ਗ਼ੈਰ-ਜ਼ਿੰਮੇਵਾਰਾਨਾ ਦੱਸਿਆ ਹੈ। ਉੱਤਰੀ ਕੈਲੇਫੋਰਨੀਆ ’ਚ ਇਕ ਸਮਾਗਮ ਦੌਰਾਨ ਬਾਇਡਨ ਨੇ ਕਿਹਾ ਸੀ ਕਿ ਸ਼ੀ ਜਿਨਪਿੰਗ ਫਰਵਰੀ ’ਚ ਇਕ ਘਟਨਾ ’ਤੇ ਨਾਰਾਜ਼ ਹੋ ਗਏ ਸਨ ਜਦੋਂ ਇਕ ਚੀਨੀ ਗ਼ੁਬਾਰਾ ਅਮਰੀਕੀ ਫ਼ੌਜ ਦੇ ਜੈੱਟ ਵੱਲੋਂ ਹੇਠਾਂ ਡੇਗੇ ਜਾਣ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਉੱਪਰ ਉੱਡ ਰਿਹਾ ਸੀ। ਵਾਸ਼ਿੰਗਟਨ ਦਾ ਕਹਿਣਾ ਸੀ ਕਿ ਇਸ ਨੂੰ ਜਾਸੂਸੀ ਲਈ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਜਾਸੂਸੀ ਉਪਕਰਨਾਂ ਨਾਲ ਭਰੀਆਂ ਦੋ ਬਾਕਸ ਕਾਰਾਂ ਨਾਲ ਉਸ ਗ਼ੁਬਾਰੇ ਨੂੰ ਹੇਠਾਂ ਡੇਗਿਆ ਸੀ ਤਾਂ ਜਿਨਪਿੰਗ ਬਹੁਤ ਪਰੇਸ਼ਾਨ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਉੱਥੇ ਸੀ। ਉਨ੍ਹਾਂ ਕਿਹਾ ਕਿ ਤਾਨਾਸ਼ਾਹਾਂ ਲਈ ਇਹ ਬੜੀ ਸ਼ਰਮਿੰਦਗੀ ਦੀ ਗੱਲ ਸੀ ਜਦੋਂ ਉਹ ਨਹੀਂ ਜਾਣਦੇ ਸਨ ਕਿ ਕੀ ਹੋਇਆ। ਬਾਇਡਨ ਦੀ ਇਹ ਟਿੱਪਣੀ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਦੋ ਆਲਮੀ ਸ਼ਕਤੀਆਂ ਵਿਚਾਲੇ ਸੰਘਰਸ਼ ਤੋਂ ਬਚਣ ਲਈ ਗੱਲਬਾਤ ਦਾ ਰਸਤਾ ਕੱਢਣ ਦੇ ਉਦੇਸ਼ ਨਾਲ ਬੀਜਿੰਗ ਦੀ ਯਾਤਰਾ ਖ਼ਤਮ ਹੋਣ ਤੋਂ ਕੁਝ ਦਿਨਾਂ ਬਾਅਦ ਆਈ ਹੈ। ਫਰਵਰੀ ਦੀ ਗ਼ੁਬਾਰਿਆਂ ਵਾਲੀ ਘਟਨਾ ਨਾਲ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਬਹੁਪੱਖੀ ਮੁਕਾਬਲੇਬਾਜ਼ੀ ਇਕ ਪੂਰਨ ਵਿਕਸਿਤ ਕੂਟਨੀਤਕ ਸੰਕਟ ’ਚ ਬਦਲ ਗਈ। ਬਾਇਡਨ ਦੀਆਂ ਇਨ੍ਹਾਂ ਟਿੱਪਣੀਆਂ ’ਤੇ ਬੀਜਿੰਗ ਨੇ ਉਨ੍ਹਾਂ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਬਾਇਡਨ ਦੇ ਬਿਆਨ ਨੂੰ ਇਕ ਖੁੱਲ੍ਹਾ ਰਾਜਨੀਤਕ ਉਕਸਾਵਾ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਕਿ ਅਮਰੀਕੀ ਧਿਰ ਦੀ ਟਿੱਪਣੀ ਬੇਹੱਦ ਬੇਤੁਕੀ ਤੇ ਗ਼ੈਰ-ਜ਼ਿੰਮੇਵਾਰਾਨਾ ਹੈ। ਇਹ ਬੁਨਿਆਦੀ ਤੱਥਾਂ, ਡਿਪਲੋਮੈਟ ਪ੍ਰੋਟੋਕਾਲ ਤੇ ਚੀਨ ਦੀ ਸਿਆਸੀ ਮਾਣ-ਮਰਿਆਦਾ ਦੀ ਗੰਭੀਰ ਉਲੰਘਣਾ ਹੈ। ਚੀਨ ਇਸ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹੈ ਅਤੇ ਇਸ ਦਾ ਸਖ਼ਤ ਵਿਰੋਧ ਕਰਦਾ ਹੈ। ਬਾਇਡਨ ਨੇ ਕਿਹਾ ਸੀ ਕਿ ਚੀਨ ਕੋਲ ਅਸਲ ਆਰਥਿਕ ਕਠਿਨਾਈਆਂ ਹਨ। ਚੀਨ ਅਤੇ ਸ਼ੀ ਜਿਨਪਿੰਗ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਹਾਲੇ ਅਜਿਹੀ ਸਥਿਤੀ ’ਚ ਹਾਂ ਜਿੱਥੇ ਉਹ ਫਿਰ ਤੋਂ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬÇਲੰਕਨ ਨੇ ਆਪਣੀ ਬੀਜਿੰਗ ਯਾਤਰਾ ਦੌਰਾਨ ਚੰਗਾ ਕੰਮ ਕੀਤਾ ਪਰ ਇਸ ’ਚ ਸਮਾਂ ਲੱਗਣ ਵਾਲਾ ਹੈ। ਹਾਲ ਹੀ ’ਚ ਕਵਾਡ ਸੰਮੇਲਨ ’ਚ ਏਸ਼ੀਆ-ਪ੍ਰਸ਼ਾਂਤ ਸਮੁੰਦਰੀ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਬੜ੍ਹਾਵਾ ਦੇਣ ਦੀ ਮੰਗ ਕੀਤੀ ਸੀ। ਬਿਡੇਨ ਨੇ ਕਿਹਾ ਕਿ ਚਾਰ ਦੇਸ਼ ਦੱਖਣੀ ਚੀਨ ਸਾਗਰ ਅਤੇ ਹਿੰਦ ਮਹਾਸਾਗਰ ’ਚ ਦਸਤਾਨੇ ਦਾ ਕੰਮ ਕਰ ਰਹੇ ਹਨ।