ਭਾਰਤ ਨੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਟੀਮ ਨੇ ਤੀਜਾ ਟੀ-20 ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਕਪਤਾਨ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਤੋਂ ਬਾਅਦ ਸੀਰੀਜ਼ ਦਾ ਸਕੋਰ 2-1 ਹੋ ਗਿਆ ਹੈ। ਸੀਰੀਜ਼ ਦਾ ਚੌਥਾ ਮੈਚ 12 ਅਗਸਤ ਨੂੰ ਅਮਰੀਕਾ ਦੇ ਫਲੋਰੀਡਾ ਸ਼ਹਿਰ ‘ਚ ਖੇਡਿਆ ਜਾਵੇਗਾ।
ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਦੀ ਪਾਰੀ ਦੀ ਮਦਦ ਨਾਲ 17.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 161 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਟੀਮ ਇੰਡੀਆ ਤੀਜੇ ਟੀ-20 ਵਿੱਚ ਲੈਅ ਵਿੱਚ ਨਜ਼ਰ ਆਈ। ਟੀਮ ਬਦਲੀ ਹੋਈ ਰਣਨੀਤੀ ਨਾਲ ਉਤਰੀ। ਇਸ ਦੀ ਝਲਕ ਪਾਵਰਪਲੇ ‘ਚ ਦੇਖਣ ਨੂੰ ਮਿਲੀ। ਕਪਤਾਨ ਪੰਡਯਾ ਨੇ ਤੀਜਾ ਓਵਰ ਚਹਿਲ ਨੂੰ ਸੌਂਪਿਆ, ਹਾਲਾਂਕਿ ਭਾਰਤ ਨੂੰ ਪਹਿਲੀ ਵਿਕਟ 8ਵੇਂ ਓਵਰ ਵਿੱਚ ਮਿਲੀ। ਪਰ ਸਪਿਨਰਾਂ ਨੇ ਵਿੰਡੀਜ਼ ਦੇ ਸਲਾਮੀ ਬੱਲੇਬਾਜ਼ਾਂ ਨੂੰ ਪਹਿਲੇ 6 ਓਵਰਾਂ ਵਿੱਚ ਹੀ ਰੋਕ ਦਿੱਤਾ ਅਤੇ ਕੈਰੇਬੀਆਈ ਟੀਮ ਤੇਜ਼ ਸ਼ੁਰੂਆਤ ਕਰਨ ਵਿੱਚ ਅਸਫਲ ਰਹੀ। ਬਾਅਦ ਵਿੱਚ ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਅਤੇ ਕਪਤਾਨ ਪਾਵੇਲ ਦੀ ਪਾਰੀ ਦੇ ਆਧਾਰ ‘ਤੇ ਟੀਮ ਨੇ 150+ ਦਾ ਸਕੋਰ ਬਣਾਇਆ। ਕੁਲਦੀਪ ਨੇ ਮੱਧ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।
ਜਵਾਬ ‘ਚ ਸੂਰਿਆ ਅਤੇ ਤਿਲਕ ਦੀ ਪਾਰੀ ਨੇ ਪ੍ਰੋਵਿਡੈਂਸ ਸਟੇਡੀਅਮ ਦੀ ਸਖ਼ਤ ਪਿੱਚ ‘ਤੇ 160 ਦੌੜਾਂ ਦੇ ਟੀਚੇ ਨੂੰ ਆਸਾਨ ਬਣਾ ਦਿੱਤਾ ਅਤੇ ਭਾਰਤੀ ਟੀਮ ਨੇ 18ਵੇਂ ਓਵਰ ‘ਚ ਜਿੱਤ ਹਾਸਲ ਕਰ ਲਈ, ਹਾਲਾਂਕਿ ਟੀਮ ਨੇ ਆਪਣੇ ਸਲਾਮੀ ਬੱਲੇਬਾਜ਼ 34 ਦੌੜਾਂ ‘ਤੇ ਗੁਆ ਦਿੱਤੇ। ਡੈਬਿਊ ਕਰਨ ਵਾਲੇ ਯਸ਼ਸਵੀ ਜੈਸਵਾਲ ਕੋਈ ਪ੍ਰਭਾਵ ਨਹੀਂ ਪਾ ਸਕੇ ਅਤੇ ਗਿੱਲ ਵੀ ਫਲਾਪ ਹੋ ਗਏ। ਅਜਿਹੇ ‘ਚ ਮਿਡਲ ਆਰਡਰ ਨੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਲਈ।
160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 34 ਦੌੜਾਂ ‘ਤੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਡੈਬਿਊ ਕਰਨ ਵਾਲੇ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ। ਅਜਿਹੇ ‘ਚ ਸੂਰਿਆਕੁਮਾਰ ਯਾਦਵ ਨੇ ਤਿਲਕ ਵਰਮਾ ਨਾਲ ਤੀਜੇ ਵਿਕਟ ਲਈ 51 ਗੇਂਦਾਂ ‘ਤੇ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਦਮ ‘ਤੇ ਭਾਰਤੀ ਟੀਮ ਨੇ ਮੈਚ ‘ਚ ਵਾਪਸੀ ਕੀਤੀ, 13ਵੇਂ ਓਵਰ ‘ਚ ਸੂਰਿਆ ਦੇ ਆਊਟ ਹੋਣ ਤੱਕ ਟੀਮ ਇੰਡੀਆ 121 ਦੌੜਾਂ ਬਣਾ ਕੇ ਜਿੱਤ ਵੱਲ ਵਧ ਚੁੱਕੀ ਸੀ।