ਰੂਸ ਦੇ ਮਖਾਚਕਾਲਾ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਗੈਸ ਸਟੇਸ਼ਨ ਵਿੱਚ ਧਮਾਕਾ ਹੋਇਆ। ਇਸ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ 66 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਅੰਕੜਾ ਵਧ ਸਕਦਾ ਹੈ।
ਰਾਇਟਰਜ਼ ਮੁਤਾਬਕ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਰਵਾਨਾ ਕਰ ਦਿੱਤਾ ਗਿਆ। ਕਰੀਬ ਸਾਢੇ ਤਿੰਨ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਨੂੰ ਸ਼ਹਿਰ ‘ਚ ਨੈਸ਼ਨਲ ਹਾਈਵੇਅ ‘ਤੇ ਇਕ ਕਾਰ ਰਿਪੇਅਰਿੰਗ ਦੀ ਦੁਕਾਨ ‘ਚ ਕਿਸੇ ਕਾਰਨ ਅੱਗ ਲੱਗ ਗਈ, ਜੋ ਬਾਅਦ ‘ਚ ਗੈਸ ਸਟੇਸ਼ਨ ਤੱਕ ਫੈਲ ਗਈ।
ਨਿਊਜ਼ ਏਜੰਸੀ ਆਰਆਈਏ ਨੇ ਰੂਸ ਦੇ ਉਪ ਸਿਹਤ ਮੰਤਰੀ ਵਲਾਦੀਮੀਰ ਫਿਸੇਂਕੋ ਦੇ ਹਵਾਲੇ ਨਾਲ ਕਿਹਾ ਕਿ ਜ਼ਖ਼ਮੀਆਂ ਵਿੱਚੋਂ 13 ਬੱਚੇ ਹਨ। ਅੱਗ 600 ਵਰਗ ਮੀਟਰ ਦੇ ਖੇਤਰ ਵਿੱਚ ਫੈਲ ਗਈ ਸੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਲਈ ਜਾਂਚ ਜਾਰੀ ਹੈ।
ਰੂਸ ਦੀ ਰਾਜਧਾਨੀ ਮਾਸਕੋ ਦੇ ਇੱਕ ਵੱਡੇ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਮੇਗਾ ਖਿਮਕੀ ਸ਼ਾਪਿੰਗ ਐਂਡ ਐਂਟਰਟੇਨਮੈਂਟ ਸੈਂਟਰ ‘ਚ ਲੱਗੀ ਸੀ। ਰੂਸ ਵਿਚ ਐਮਰਜੈਂਸੀ ਮੰਤਰਾਲੇ ਦੇ ਮੁਖੀ ਸਰਗੇਈ ਪੋਲਿਟਕਿਨ ਨੇ ਦੱਸਿਆ ਕਿ ਅੱਗ 7,000 ਵਰਗ ਮੀਟਰ ਦੇ ਖੇਤਰ ਵਿਚ ਫੈਲ ਗਈ ਸੀ।