ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ‘ਚ ਭਾਰਤ ਪੂਰੀ ਦੁਨੀਆ ਦਾ ਵਿਕਾਸ ਇੰਜਣ ਬਣ ਜਾਵੇਗਾ। ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ‘ਮਿਸ਼ਨ’ ਦੇ ਰੂਪ ਵਿੱਚ ਸੁਧਾਰਾਂ ਨੂੰ ਅੱਗੇ ਵਧਾਇਆ ਹੈ, ਜਿਸ ਨਾਲ ਦੇਸ਼ ਵਿੱਚ ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਹੋਇਆ ਹੈ। ਇੱਥੇ ਬ੍ਰਿਕਸ ‘ਬਿਜ਼ਨੈੱਸ ਫੋਰਮ ਲੀਡਰਸ ਡਾਇਲਾਗ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਜਲਦ ਹੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ ਅਤੇ ਇਸ ਵਿੱਚ 100 ਤੋਂ ਵੱਧ ਯੂਨੀਕੋਰਨ ਹਨ। ਇਕ ਅਰਬ ਡਾਲਰ ਤੋਂ ਵੱਧ ਦੀ ਆਮਦਨ ਵਾਲੇ ਸਟਾਰਟਅੱਪ ਯੂਨੀਕੋਰਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਦੱਖਣੀ ਅਫ਼ਰੀਕਾ ਦੇ ਦੌਰੇ ‘ਤੇ ਹਨ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਮੈਂਬਰ ਸਮੂਹ ਬ੍ਰਿਕਸ ਦਾ 2019 ਤੋਂ ਬਾਅਦ ਇਹ ਪਹਿਲਾ ਸਿਖਰ ਸੰਮੇਲਨ ਹੈ, ਜਿਸ ਵਿੱਚ ਸਾਰੇ ਨੇਤਾ ਵਿਅਕਤੀਗਤ ਤੌਰ ‘ਤੇ ਸ਼ਾਮਲ ਹੋ ਰਹੇ ਹਨ। ਕੋਵਿਡ-19 ਮਹਾਮਾਰੀ ਕਾਰਨ 2020 ਤੋਂ ਬ੍ਰਿਕਸ ਸੰਮੇਲਨ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਦਾ ਗ੍ਰੋਥ ਇੰਜਣ ਹੋਵੇਗਾ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਨੇ ਬਿਪਤਾ ਅਤੇ ਮੁਸ਼ਕਿਲਾਂ ਦੇ ਸਮੇਂ ਨੂੰ ਆਰਥਿਕ ਸੁਧਾਰ ਦੇ ਮੌਕਿਆਂ ਵਿੱਚ ਬਦਲ ਦਿੱਤਾ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਭਾਰਤ ਵਿੱਚ ਕਰੋੜਾਂ ਲੋਕਾਂ ਨੂੰ ਇਕ ਕਲਿੱਕ ਨਾਲ ਸਿੱਧਾ ਲਾਭ ਪਹੁੰਚਾਇਆ ਜਾਂਦਾ ਹੈ, ਇਸ ਨਾਲ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਵਧੀ ਹੈ। ਬ੍ਰਿਕਸ ਬਿਜ਼ਨੈੱਸ ਫੋਰਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਲੋਕਾਂ ਦੀ ਆਮਦਨ ਲਗਭਗ 3 ਗੁਣਾ ਵਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ ਦੇ ਆਰਥਿਕ ਵਿਕਾਸ ਵਿੱਚ ਔਰਤਾਂ ਦੀ ਮਜ਼ਬੂਤ ਹਿੱਸੇਦਾਰੀ ਰਹੀ ਹੈ।
ਪੀਐੱਮ ਮੋਦੀ ਨੇ ਮੰਗਲਵਾਰ ਨੂੰ ‘ਬ੍ਰਿਕਸ ਬਿਜ਼ਨੈੱਸ ਫੋਰਮ ਲੀਡਰਸ’ ਸੰਵਾਦ ਤੋਂ ਪਹਿਲਾਂ ਇੱਥੇ ਨਿਰਮਾਣ ਅਧੀਨ ਸਵਾਮੀ ਨਾਰਾਇਣ ਮੰਦਰ ਦੇ ਮਾਡਲ ਦਾ ਨਿਰੀਖਣ ਕੀਤਾ। ਜੋਹਾਨਸਬਰਗ ਦੇ ਉੱਤਰੀ ਰਾਈਡਿੰਗ ‘ਚ ਸਥਿਤ ਇਹ ਮੰਦਰ 2017 ਤੋਂ ਨਿਰਮਾਣ ਅਧੀਨ ਹੈ ਅਤੇ ਅਗਲੇ ਸਾਲ ਤੱਕ ਪੂਰਾ ਹੋਣ ਦੀ ਉਮੀਦ ਹੈ। ਬ੍ਰਿਕਸ ਬਿਜ਼ਨੈੱਸ ਫੋਰਮ ਦੇ ਨੇਤਾਵਾਂ ਦੇ ਸੰਵਾਦ ਤੋਂ ਪਹਿਲਾਂ ਇਕ ਕਮਿਊਨਿਟੀ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਮੋਦੀ ਨੇ ਮਾਡਲ ਮੰਦਰ ਦਾ ਦੌਰਾ ਕੀਤਾ। ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਵੀ ਅਜਿਹਾ ਹੀ ਮੰਦਰ ਹੋਵੇਗਾ, ਜੋ ਪੂਰੀ ਤਰ੍ਹਾਂ ਪੱਥਰਾਂ ਦਾ ਬਣਿਆ ਹੋਵੇਗਾ ਅਤੇ ਇਸ ਵਿੱਚ ਕਲਾਸਰੂਮ ਅਤੇ ਇਕ ਕਲੀਨਿਕ ਵੀ ਹੋਵੇਗਾ। ਇਸ ਤੋਂ ਪਹਿਲਾਂ ਪ੍ਰਿਟੋਰੀਆ ਹਿੰਦੂ ਸੇਵਾ ਸਮਾਜ ਅਤੇ ਸਵਾਮੀ ਨਾਰਾਇਣ ਸੰਸਥਾ ਦੀ ਸਥਾਨਕ ਇਕਾਈ ਦੇ ਮੈਂਬਰਾਂ ਨੇ ਪ੍ਰਿਟੋਰੀਆ ਦੇ ਵਾਟਰਲੂ ਏਅਰ ਫੋਰਸ ਬੇਸ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। 14.5 ਏਕੜ ‘ਚ ਬਣੇ ਸਵਾਮੀ ਨਾਰਾਇਣ ਮੰਦਰ ਵਿੱਚ 34,000 ਵਰਗ ਮੀਟਰ ਦਾ ਸੱਭਿਆਚਾਰਕ ਕੇਂਦਰ, 3,000 ਦੇ ਬੈਠਣ ਲਈ ਇਕ ਆਡੀਟੋਰੀਅਮ, 2,000 ਲਈ ਇਕ ਬੈਂਕੁਏਟ ਹਾਲ, ਇਕ ਖੋਜ ਸੰਸਥਾ, ਕਲਾਸਰੂਮ, ਪ੍ਰਦਰਸ਼ਨੀਆਂ ਅਤੇ ਮਨੋਰੰਜਨ ਕੇਂਦਰ ਵੀ ਹੋਣਗੇ।