ਮਨੀਪੁਰ ਵਿਚ ਹਾਲਾਤ ਆਮ ਵਾਂਗ ਹੁੰਦੇ ਨਜ਼ਰ ਆ ਰਹੇ ਹਨ। ਰਾਜਧਾਨੀ ਇੰਫਾਲ ਨੂੰ ਅਸਾਮ ਦੇ ਸਿਲਚਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-37 ‘ਤੇ ਆਦਿਵਾਸੀ ਸਮੂਹ ਵੱਲੋਂ ਲਗਾਈ ਨਾਕਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਜ਼ਰੂਰੀ ਵਸਤਾਂ ਨਾਲ 171 ਟਰੱਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ। ਪੁਲਿਸ ਨੇ NH-37 ਨੂੰ ਖ਼ਾਲੀ ਕਰਵਾ ਲਿਆ ਹੈ ਪਰ ਆਦਿਵਾਸੀ ਸੰਗਠਨ ਨੇ ਅਜੇ ਵੀ ਇੰਫਾਲ ਨੂੰ ਨਾਗਾਲੈਂਡ ਦੇ ਦੀਮਾਪੁਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-2 ‘ਤੇ ਨਾਕੇਬੰਦੀ ਜਾਰੀ ਹੈ। ਕਬਾਇਲੀ ਏਕਤਾ ਕਮੇਟੀ ਨੇ ਸੋਮਵਾਰ ਨੂੰ ਮਨੀਪੁਰ ਦੇ ਪਹਾੜੀ ਖੇਤਰਾਂ ਵਿੱਚ ਕੁਕੀ ਭਾਈਚਾਰਿਆਂ ਨੂੰ ਜ਼ਰੂਰੀ ਵਸਤਾਂ ਦੀ ਲੋੜੀਂਦੀ ਸਪਲਾਈ ਦੀ ਮੰਗ ਕਰਦਿਆਂ ਕਾਂਗਪੋਕਪੀ ਵਿੱਚ NH 2 ਅਤੇ ਤਾਮੇਂਗਲੋਂਗ ਜ਼ਿਲ੍ਹੇ ਵਿਚ NH 37 ਨੂੰ ਕੁਝ ਥਾਵਾਂ ‘ਤੇ ਫਿਰ ਤੋਂ ਨਾਕੇਬੰਦੀ ਕਰ ਦਿੱਤੀ ਸੀ। ਪੁਲਿਸ ਨੇ ਕਿਹਾ ਕਿ ਅਗਜ਼ਨੀ ਦੀ ਘਟਨਾ ਦੇ ਸਬੰਧ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਇਕ ਦਿਨ ਪਹਿਲਾਂ ਇੰਫਾਲ ਪੱਛਮੀ ‘ਚ ਚਾਰ ਘਰਾਂ ਅਤੇ ਇਕ ਕਮਿਊਨਿਟੀ ਹਾਲ ਨੂੰ ਸਾੜ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਕਈ ਜ਼ਿਲ੍ਹਿਆਂ ਵਿਚ ਸਰਚ ਆਪਰੇਸ਼ਨ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਹੈ।
ਸੁਰੱਖਿਆ ਬਲਾਂ ਵੱਲੋਂ ਇਹ ਤਲਾਸ਼ੀ ਮੁਹਿੰਮ ਇੰਫਾਲ ਪੱਛਮੀ ਅਤੇ ਪੂਰਬੀ, ਥੌਬਲ, ਕਾਕਚਿੰਗ, ਚੂਰਾਚੰਦਪੁਰ, ਟੇਂਗਨੋਪਾਲ ਕਾਂਗਪੋਕਪੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਚਲਾਈ ਗਈ ਸੀ। ਪੁਲਿਸ ਨੇ ਕਿਹਾ, “ਇੰਫਾਲ ਈਸਟ, ਕਾਂਗਪੋਕਪੀ ਅਤੇ ਟੇਂਗਨੋਪਾਲ ਜ਼ਿਲ੍ਹਿਆਂ ਤੋਂ ਸੱਤ ਹਥਿਆਰ ਅਤੇ 81 ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਈ ਦੇ ਸ਼ੁਰੂ ਵਿੱਚ ਸੂਬੇ ਵਿਚ ਹਿੰਸਾ ਭੜਕ ਗਈ ਸੀ ਜਦੋਂ ਮਤਈ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ (ਐੱਸਟੀ) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਪਹਾੜੀ ਜ਼ਿਲ੍ਹਿਆਂ ਵਿੱਚ ਇੱਕ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਨੀਪੁਰ ਵਿੱਚ ਨਸਲੀ ਹਿੰਸਾ ਵਿੱਚ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਚੁੱਕੇ ਹਨ।