ਪੰਜਾਬ ਦਾ ਅੰਮ੍ਰਿਤਸਰ ਹਵਾਈ ਅੱਡਾ ਸੱਤਵਾਂ ਹਵਾਈ ਅੱਡਾ ਬਣ ਗਿਆ ਹੈ ਜਿੱਥੋਂ ਮਲੇਸ਼ੀਆ ਏਅਰਲਾਈਨਜ਼ ਨੇ ਉਡਾਣ ਭਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਮਲੇਸ਼ੀਆ ਏਅਰਲਾਈਨਜ਼ ਸਿਰਫ ਨਵੀਂ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ਤੋਂ ਉਡਾਣ ਭਰਦੀ ਸੀ। ਹੁਣ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਹਫ਼ਤੇ ਵਿੱਚ ਦੋ ਵਾਰ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦਰਮਿਆਨ ਉਡਾਣ ਭਰੇਗੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮਲੇਸ਼ੀਆ ਏਅਰਲਾਈਨਜ਼ 8 ਨਵੰਬਰ ਤੋਂ ਹਫ਼ਤੇ ਵਿੱਚ ਦੋ ਵਾਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ। ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਹੁਣ ਤੱਕ ਬਾਟਿਕ ਏਅਰ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਭਰ ਰਹੀ ਹੈ। ਦੂਜੇ ਪਾਸੇ, ਏਅਰ ਏਸ਼ੀਆ ਐਕਸ ਨੇ 3 ਸਤੰਬਰ ਤੋਂ ਹਫ਼ਤੇ ਵਿੱਚ ਚਾਰ ਦਿਨ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ।
ਮਲੇਸ਼ੀਆ ਏਅਰਲਾਈਨਜ਼ ਦਾ ਇਹ ਜਹਾਜ਼ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ 6.50 ਵਜੇ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣ ਭਰੇਗਾ। ਇਹ ਜਹਾਜ਼ ਕਰੀਬ ਸਾਢੇ 4 ਘੰਟੇ ਦੇ ਰੁਕਣ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਰਾਤ 11.25 ਵਜੇ ਮਲੇਸ਼ੀਆ ਦੇ ਕੁਆਲਾਲੰਪੁਰ ਲਈ ਉਡਾਣ ਭਰੇਗਾ। ਦੋਵਾਂ ਦੇਸ਼ਾਂ ਵਿਚਾਲੇ ਇਹ ਯਾਤਰਾ 5.35 ਘੰਟੇ ਦੀ ਹੋਵੇਗੀ।
ਮਲੇਸ਼ੀਆ ਏਅਰਲਾਈਨਜ਼ ਦੀ ਵੈੱਬਸਾਈਟ ਮੁਤਾਬਕ, ਏਅਰਲਾਈਨ ਹਫਤੇ ਦੇ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ 160 ਸੀਟਾਂ ਵਾਲੇ ਬੋਇੰਗ 737 ਜਹਾਜ਼ ਨਾਲ ਉਡਾਣ ਭਰੇਗੀ। ਜਿਸ ਵਿੱਚ 144 ਇਕਾਨਮੀ ਅਤੇ 16 ਬਿਜ਼ਨਸ ਕਲਾਸ ਸੀਟਾਂ ਹੋਣਗੀਆਂ। ਏਅਰਲਾਈਨਜ਼ ਨੇ ਵੀ ਆਪਣੀ ਵੈੱਬਸਾਈਟ ‘ਤੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।