ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਦਾ ਦੇਹਾਂਤ ਹੋ ਗਿਆ ਹੈ। ਪੀਜੀਆਈ ਚੰਡੀਗੜ੍ਹ ‘ਚ ਉਨ੍ਹਾਂ ਨੇ ਆਖਰੀ ਸਾਹ ਲਏ।
ਦੱਸ ਦਈਏ ਕਿ ਹਰਜਿੰਦਰ ਸਿੰਘ ਬੱਲ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਭਲਾਈਪੁਰ ਪੂਰਬਾਂ ਦੇ ਨਿਵਾਸੀ ਸਨ। ਉਹ ਕਾਫੀ ਦਿਨਾਂ ਤੋਂ ਪੀਜੀਆਈ ‘ਚ ਦਾਖ਼ਲ ਸਨ ਜਿੱਥੇ ਉਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਸੀ। ਦੇਸ਼ -ਵਿਦੇਸ਼ ਵਿਚ ਵੱਸਦੇ ਲੇਖਕ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਸਨ। ਪਰ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦੇ ਕਲਾਕਾਰਾਂ, ਗਾਇਕਾਂ, ਗੀਤਕਾਰਾਂ, ਲੇਖਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਬੱਲ ਦੇ ਤੁਰ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਥਾਂ ਕਦੇ ਨਹੀਂ ਭਰੀ ਜਾ ਸਕੇਗੀ। ਦੱਸ ਦਈਏ ਕਿ ਹਰਜਿੰਦਰ ਸਿੰਘ ਬੱਲ ਨੇ ਕਈ ਪੰਜਾਬੀ ਗੀਤ ਦਿੱਤੇ ਹਨ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ ਜਿਨ੍ਹਾਂ ਵਿੱਚ ਸਵਰਗੀ ਸਰਦੂਲ ਸਿਕੰਦਰ, ਹੰਸ ਰਾਜ ਹੰਸ, ਫਿਰੋਜ਼ ਖਾਨ, ਮਾਸਟਰ ਸਲੀਮ ਸ਼ਾਮਲ ਹਨ।