Home » ਕੁਰਾਨ ਸਾੜੇ ਜਾਣ ਮਗਰੋਂ ਸਵੀਡਨ ‘ਚ ਭੜਕੀ ਹਿੰਸਾ…
Home Page News World World News

ਕੁਰਾਨ ਸਾੜੇ ਜਾਣ ਮਗਰੋਂ ਸਵੀਡਨ ‘ਚ ਭੜਕੀ ਹਿੰਸਾ…

Spread the news

ਕੁਰਾਨ ਦੀਆਂ ਕਾਪੀਆਂ ਸਾੜੇ ਜਾਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਦਰਮਿਆਨ ਸਵੀਡਨ ਦੇ ਤੀਸਰੇ ਵੱਡੇ ਸ਼ਹਿਰ ਮਾਲਮੋ ਵਿਚ ਹਿੰਸਾ ਭੜਕ ਉੱਠੀ ਹੈ। ਹਿੰਸਾ ਦੀਆਂ ਹਾਲੀਆ ਘਟਨਾਵਾਂ ਇਸਲਾਮ ਵਿਰੋਧੀ ਮੁਜ਼ਾਹਰਾਕਾਰੀਆਂ ਵੱਲੋਂ ਕੁਰਾਨ ਦੀਆਂ ਕਾਪੀ ਸਾੜੇ ਮਗਰੋਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਦੌਰਾਨ ਕਈ ਥਾੲੀਂ ਅੱਗਜ਼ਨੀ ਤੇ ਪਥਰਾਅ ਕਾਰਨ ਦਰਜਨਾਂ ਕਾਰਾਂ ਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਇਹ ਹਿੰਸਾ ਐਤਵਾਰ ਨੂੰ ਸ਼ੁਰੂ ਹੋ ਗਈ ਸੀ ਤੇ ਸੋਮਵਾਰ ਦੀ ਪੂਰੀ ਰਾਤ ਤੱਕ ਜਾਰੀ ਰਹੀ।

ਹਿੰਸਾ ਦੀ ਸ਼ੁਰੂਆਤ ਇਸਲਾਮ ਵਿਰੋਧੀ ਮੁਜ਼ਾਹਰਾਕਾਰੀ ਸਲਵਾਨ ਮੋਮਿਕਾ ਵੱਲੋਂ ਕੁਰਾਨ ਦੀ ਕਾਪੀ ਸਾੜੇ ਜਾਣ ਮਗਰੋਂ ਹੋਈ ਸੀ। ਇਰਾਕੀ ਮੂਲ ਦਾ ਮੋਮਿਕਾ ਜਦੋਂ ਇਹ ਹਰਕਤ ਕਰ ਰਿਹਾ ਸੀ ਤਾਂ ਉਸ ਨੂੰ ਰੋਕਣ ਲਈ ਲੋਕਾਂ ਦਾ ਗਰੁੱਪ ਉਥੇ ਪੁੱਜ ਗਿਆ। ਮੌਕੇ ’ਤੇ ਮੌਜੂਦ ਪੁਲਿਸ ਨੇ ਹੈਲਮੈੱਟ ਪਾ ਕੇ ਖੜ੍ਹੇ ਲੋਕਾਂ ਨੂੰ ਰੋਕ ਦਿੱਤਾ। ਇਸ ਦੌਰਾਨ ਹੋਈ ਹੱਥੋਪਾਈ ਮਗਰੋਂ ਪੁਲਿਸ ਨੇ ਤਿੰਨ ਜਣੇ ਫੜ ਲਏ। ਦੱਸਣਯੋਗ ਹੈ ਕਿ ਪੁਲਿਸ ਤੋਂ ਪ੍ਰਵਾਨਗੀ ਲੈ ਕੇ ਮੋਮਿਕਾ ਕੁਰਾਨ ਦੀ ਕਾਪੀ ਸਾੜ ਕੇ ਇਸਲਾਮ ਬਾਰੇ ਨਿੱਜੀ ਵਿਰੋਧ ਜ਼ਾਹਰ ਕਰ ਰਿਹਾ ਸੀ।ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਨੌਜਵਾਨਾਂ ਦੇ ਹਿੰਸਕ ਟੋਲੇ ਨੇ ਕਈ ਥਾਵਾਂ ’ਤੇ ਟਾਇਰਾਂ ਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕਈ ਇਲੈਕਟ੍ਰਿਕ ਸਕੂਟਰਾਂ, ਸਾਈਕਲਾਂ ਤੇ ਬੈਰੀਅਰਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਥਾੲੀਂ ਭੰਨਤੋੜ ਕੀਤੀ। ਕੁਰਾਨ ਦੀ ਕਾਪੀ ਸਾੜੇ ਜਾਣ ’ਤੇ ਮਾਲਮੋ-ਰੋਜੇਨਗਾਰਡ ਇਲਾਕੇ ਵਿਚ ਪਹਿਲਾਂ ਵੀ ਤਿੱਖੇ ਰੋਸ ਮੁਜ਼ਾਹਰੇ ਹੁੰਦੇ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਪੈਟਰਾ ਸਟੇਨਕੁਲਾ ਨੇ ਕਿਹਾ ਹੈ ਕਿ ਅਸੀਂ ਲੋਕਾਂ ਦੀ ਅਸਹਿਮਤੀ ਬਾਰੇ ਭਾਵਨਾ ਨੂੰ ਸਮਝਦੇ ਹਾਂ, ਇਸ ਦਾ ਸਨਮਾਨ ਕਰਦੇ ਹਾਂ ਪਰ ਹਿੰਸਾ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।