ਪੁਲਾੜ ਮਿਸ਼ਨ ਚੰਦਰਯਾਨ-3 ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸਰੋ ਦੇ ਵਿਗਿਆਨੀ ਸਰਦਾਰ ਮਹਿੰਦਰਪਾਲ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਦੇ ਪ੍ਰਬੰਧਕ ਡਾ: ਵਿਜੇ ਸਤਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਵੱਲੋਂ ਸਤਿਕਾਰ ਸਹਿਤ ਪੋਸ਼ਾਕ ਭੇਂਟ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਪੰਜਾਬੀ ਪਰਮੋਸ਼ਨ ਕਾਉਂਸਲ ਦੇ ਜਸਵੰਤ ਸਿੰਘ ਬੌਬੀ ਵੀ ਮੌਜੂਦ ਰਹੇ।
ਤਖ਼ਤ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਡਾ: ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਬੰਗਲੌਰ ਦੇ ਵਸਨੀਕ ਸ. ਮਹਿੰਦਰਪਾਲ ਸਿੰਘ ਨੇ ਆਪਣੇ ਜੀਵਨ ਦੇ 35 ਸਾਲ ਪੁਲਾੜ ਖੋਜ ਵਿੱਚ ਬਿਤਾਏ ਹਨ ਅਤੇ ਚੰਦਰਯਾਨ-3 ਟੀਮ ਦਾ ਅਹਿਮ ਰਹੇ। ਉਹ ਭਾਰਤੀ ਪੁਲਾੜ ਖੋਜ ਸੰਗਠਨ ਦੇ ਗੁਣਵੱਤਾ ਨਿਯੰਤਰਣ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਮੰਗਲਯਾਨ ਦੇ ਪ੍ਰੋਜੈਕਟ ਮੈਨੇਜਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਪ੍ਰੇਰਨਾ ਲੈ ਕੇ ਕੌਮ ਦਾ ਸਿਰ ਮਾਣ ਨਾਲ ਉੱਚਾ ਕਰਨਾ ਚਾਹੀਦਾ ਹੈ।
ਇਸ ਦੌਰਾਨ ਮਹਿੰਦਰਪਾਲ ਸਿੰਘ ਨੇ ਡਾ: ਵਿਜੇ ਸਤਬੀਰ ਸਿੰਘ ਪਾਸੋਂ ਮੰਗ ਕੀਤੀ ਕਿ ਜੇਕਰ ਤਖ਼ਤ ਕਮੇਟੀ ਉਨ੍ਹਾਂ ਨੂੰ ਥਾਂ ਪ੍ਰਦਾਨ ਕਰਦੀ ਹੈ ਤਾਂ ਉਹ ਸਿੱਖ ਕੌਮ ਦੇ ਬੱਚਿਆਂ ਨੂੰ ਵਿਗਿਆਨ ਦੀ ਸਿੱਖਿਆ ਦੇਣਗੇ ਅਤੇ ਬੱਚਿਆਂ ਨੂੰ ਸਮੇਂ-ਸਮੇਂ ’ਤੇ ਇਸਰੋ ਦੀ ਸੈਰ ਵੀ ਕਰਵਾਉਣਗੇ।