ਈਡੀ ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਸੰਮਨ ਭੇਜਿਆ ਗਿਆ ਹੈ। ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਦੋਵਾਂ ਨੂੰ ਕਦੋਂ ਬੁਲਾਇਆ ਗਿਆ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਸ ਦੇ ਨਾਲ ਹੀ ਅਭਿਨੇਤਾ ਰਣਬੀਰ ਕਪੂਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਈਮੇਲ ਭੇਜ ਕੇ ਪੇਸ਼ ਹੋਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ। ਰਣਬੀਰ ਨੇ ਸ਼ੁੱਕਰਵਾਰ 6 ਅਕਤੂਬਰ ਨੂੰ ਰਾਏਪੁਰ ਸਥਿਤ ਈਡੀ ਦਫ਼ਤਰ ‘ਚ ਪੇਸ਼ ਹੋਣਾ ਸੀ। ਇੱਥੇ ਈਡੀ ਰਾਏਪੁਰ ਦੇ ਵਕੀਲ ਸੌਰਭ ਪਾਂਡੇ ਨੇ ਦੱਸਿਆ ਕਿ ਰਣਬੀਰ ਨੇ 6 ਨਹੀਂ ਸਗੋਂ 5 ਅਕਤੂਬਰ ਨੂੰ ਪੇਸ਼ ਹੋਣਾ ਸੀ ਪਰ ਉਹ ਨਹੀਂ ਆਏ। ਅਧਿਕਾਰੀ ਸ਼ਾਮ 5 ਵਜੇ ਤੱਕ ਉਸ ਦਾ ਇੰਤਜ਼ਾਰ ਕਰਦੇ ਰਹੇ। ਉਸ ਦੀ ਈਮੇਲ ਮਿਲਣ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਤੈਅ ਕੀਤਾ ਜਾਵੇਗਾ ਕਿ ਉਸ ਨੂੰ ਦੂਜਾ ਸੰਮਨ ਕਿਸ ਤਰੀਕ ਨੂੰ ਭੇਜਿਆ ਜਾਵੇਗਾ। ਦੱਸ ਦਈਏ ਕਿ ਰਣਬੀਰ ‘ਤੇ ਸੌਰਭ ਚੰਦਰਾਕਰ ਦੀ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਈਡੀ ਦਾ ਕਹਿਣਾ ਹੈ ਕਿ ਇਸ ਦੇ ਲਈ ਹਵਾਲਾ ਰਾਹੀਂ ਰਣਬੀਰ ਨੂੰ ਨਕਦ ਭੁਗਤਾਨ ਕੀਤਾ ਗਿਆ ਸੀ। ਈਡੀ ਅਦਾਕਾਰ ਤੋਂ ਜਾਣਨਾ ਚਾਹੁੰਦਾ ਹੈ ਕਿ ਉਹ ਕਦੋਂ ਤੋਂ ਇਸ ਦਾ ਪ੍ਰਚਾਰ ਕਰ ਰਿਹਾ ਹੈ? ਇਸ ਦੇ ਲਈ ਕਿਸਨੇ ਸੰਪਰਕ ਕੀਤਾ ਅਤੇ ਕਿਸ ਮੋਡ ਵਿੱਚ ਪੇਮੈਂਟ ਪ੍ਰਾਪਤ ਹੋਈ।
ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਰਣਬੀਰ ਇਸ ਮਾਮਲੇ ‘ਚ ਦੋਸ਼ੀ ਨਹੀਂ ਹਨ। ਈਡੀ ਸਿਰਫ਼ ਦੇਣ ਅਤੇ ਲੈਣ ਨੂੰ ਸਮਝਣਾ ਚਾਹੁੰਦਾ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ ‘ਚ ਟਾਈਗਰ ਸ਼ਰਾਫ, ਨੁਸਰਤ ਭਰੂਚਾ, ਸੁਖਵਿੰਦਰ ਸਿੰਘ, ਨੇਹਾ ਕੱਕੜ ਅਤੇ ਸੰਨੀ ਲਿਓਨ ਸਮੇਤ 14-15 ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਈਡੀ ਇਨ੍ਹਾਂ ਸਾਰਿਆਂ ਨੂੰ ਸੰਮਨ ਭੇਜ ਸਕਦਾ ਹੈ। ਸੱਟੇਬਾਜ਼ੀ ਐਪ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਭਿਨੇਤਾ ਰਣਬੀਰ ਕਪੂਰ ਨੂੰ ਫਿਰ ਤੋਂ ਸੰਮਨ ਭੇਜੇਗਾ। ਜੇਕਰ ਉਹ ਦੋ ਵਾਰ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਪੁੱਛਗਿੱਛ ‘ਚ ਸ਼ਾਮਿਲ ਨਹੀਂ ਹੁੰਦੇ ਹਨ ਤਾਂ ਈਡੀ ਦੀ ਟੀਮ ਰਣਬੀਰ ਕਪੂਰ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਸਕਦੀ ਹੈ।