ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਮਿਜ਼ਾਈਲਾਂ ਨਾਲ ਸਬੰਧਤ ਉਪਕਰਨਾਂ ਦੀ ਸਪਲਾਈ ਕਰਨ ਲਈ ਚੀਨ ਦੀਆਂ 3 ਕੰਪਨੀਆਂ ’ਤੇ ਪਾਬੰਦੀ ਆਂ ਲਗਾਈਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪਾਬੰਦੀਆਂ ਗਲੋਬਲ ਗੈਰ-ਪ੍ਰਸਾਰ ਪ੍ਰਣਾਲੀ ਦੇ ਤਹਿਤ ਲਗਾਈਆਂ ਗਈਆਂ ਹਨ।
ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਅਸੀਂ 3 ਕੰਪਨੀਆਂ ’ਤੇ ਕਾਰਜਕਾਰੀ ਨਿਰਦੇਸ਼ 13382 ਦੇ ਤਹਿਤ ਪਾਬੰਦੀਆਂ ਲਗਾ ਰਹੇ ਹਾਂ, ਜੋ ਸਮੂਹਿਕ ਵਿਨਾਸ਼ਕਾਰੀ ਹਥਿਆਰਾਂ ਦੇ ਪ੍ਰਸਾਰ ਅਤੇ ਵੰਡ ਨਾਲ ਜੁੜੀਆਂ ਹਨ।’’ ਇਹ ਤਿੰਨੋਂ ਕੰਪਨੀਆਂ ਚੀਨ ਦੀਆਂ ਹਨ ਅਤੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਮਿਜ਼ਾਈਲ ਕੰਪੋਨੈਂਟਸ ਅਤੇ ਸਾਜ਼ੋ-ਸਾਮਾਨ ਦੀ ਸਪਲਾਈ ਕਰ ਚੁੱਕੀਆਂ ਹਨ। ਚੀਨ ਪਾਕਿਸਤਾਨ ਦਾ ਹਰ ਸਮੇਂ ਦਾ ਸਹਿਯੋਗੀ ਰਿਹਾ ਹੈ ਅਤੇ ਇਸਲਾਮਾਬਾਦ ਦੇ ਫੌਜੀ ਆਧੁਨਿਕੀਕਰਨ ਪ੍ਰੋਗਰਾਮ ਲਈ ਹਥਿਆਰਾਂ ਅਤੇ ਰੱਖਿਆ ਉਪਕਰਨਾਂ ਦਾ ਮੁੱਖ ਸਪਲਾਇਰ ਰਿਹਾ ਹੈ।
ਇਹ 3 ਕੰਪਨੀਆਂ ਜਨਰਲ ਟੈਕਨਾਲੋਜੀ ਲਿਮਟਿਡ, ਬੀਜਿੰਗ ਲੁਓ ਲੁਓ ਟੈਕਨਾਲੋਜੀ ਡਿਵੈਲਪਮੈਂਟ ਕੰਪਨੀ ਲਿਮਟਿਡ ਅਤੇ ਚਾਂਗਜ਼ੌ ਯੂਟੇਕ ਕੰਪੋਜ਼ਿਟ ਕੰਪਨੀ ਲਿਮਟਿਡ ਹਨ। ਇਹ ਪਾਬੰਦੀਆਂ ਪਾਕਿਸਤਾਨ ਵੱਲੋਂ ਅਬਾਬੀਲ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਲਾਂਚ ਕਰਨ ਤੋਂ ਕੁਝ ਦਿਨ ਬਾਅਦ ਲਗਾਈਆਂ ਗਈਆਂ ਹਨ।