ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਬੁੱਧਵਾਰ 22 ਨਵੰਬਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਦੋ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ। ਫੌਜ ਦੀ 16 ਕੋਰ ਦੀ ਮਿਲਟਰੀ ਯੂਨਿਟ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਮਰਨ ਵਾਲਿਆਂ ਵਿੱਚ ਕੈਪਟਨ ਸ਼ੁਭਮ, ਮੇਜਰ ਐਮਵੀ ਪ੍ਰਾਂਜਿਲ ਅਤੇ ਹੌਲਦਾਰ ਮਾਜਿਦ ਸ਼ਾਮਲ ਹਨ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਧਰਮਸਾਲ ਦੇ ਬਾਜੀਮਲ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜੰਗਲ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਥੇ ਦੋ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ।
ਇਸ ਦੇ ਨਾਲ ਹੀ ਆਰਮੀ ਪੀਆਰਓ ਨੇ ਦੱਸਿਆ ਕਿ 19 ਨਵੰਬਰ ਨੂੰ ਕਾਲਾਕੋਟ ਇਲਾਕੇ ਦੇ ਗੁਲਾਬਗੜ੍ਹ ਜੰਗਲ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਉਦੋਂ ਤੋਂ ਹੀ ਇਲਾਕੇ ‘ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਦੇ ਮੁਕਾਬਲੇ ‘ਚ ਅੱਤਵਾਦੀ ਵੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਘੇਰ ਲਿਆ ਗਿਆ ਹੈ। ਮੁਕਾਬਲਾ ਜਾਰੀ ਹੈ।
ਸ਼੍ਰੀਨਗਰ ‘ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫਤਾਰ………
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 2 ਪਿਸਤੌਲ, 4 ਮੈਗਜ਼ੀਨ, 2 ਫਿਲਰ ਮੈਗਜ਼ੀਨ ਅਤੇ 8 ਗ੍ਰੇਨੇਡ ਬਰਾਮਦ ਹੋਏ ਹਨ। ਪੁਲਸ ਨੇ ਦੱਸਿਆ ਕਿ ਦੋਵੇਂ ਅੱਤਵਾਦੀਆਂ ਨੂੰ 21 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਮਤਾਜ਼ ਅਹਿਮਦ ਲੋਨ ਅਤੇ ਜਹਾਂਗੀਰ ਅਹਿਮਦ ਲੋਨ ਕੁਪਵਾੜਾ ਦੇ ਤ੍ਰੇਹਗਾਮ ਦੇ ਰਹਿਣ ਵਾਲੇ ਹਨ।